ਖਨੌਰੀ : ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਰੱਖਿਆ ਗਿਆ ਮਰਨ ਵਰਤ ਅੱਜ ਬੁੱਧਵਾਰ ਵਾਲੇ ਦਿਨ 17 ਵੇਂ ਦਿਨ ਵੀ ਨਿਰੰਤਰ ਜਾਰੀ ਰਿਹਾ ਲੇਕਿਨ ਉਨ੍ਹਾਂ ਦੇ ਸਰੀਰ ਵਿੱਚ ਬਹੁਤ ਜਿਆਦਾ ਕਮਜੋਰੀ ਆ ਜਾਣ ਕਾਰਨ ਉਨ੍ਹਾਂ ਦੀ ਸਿਹਤ ਬੜੀ ਨਾਜੁਕ ਹਾਲਤ ਵਿੱਚ ਪਹੁੰਚ ਚੁੱਕੀ ਹੈ। ਉੱਥੇ ਹੀ ਬੀਤੀ ਕੱਲ ਤੋਂ ਖਨੌਰੀ ਬਾਰਡਰ ਦੇ ਆਸ ਪਾਸ ਪੁਲਿਸ ਪ੍ਰਸਾਸਨ ਦੀਆਂ ਸਰਗਰਮੀਆਂ ਨੂੰ ਦੇਖਦਿਆਂ ਹੋਇਆਂ ਖਨੌਰੀ ਸਰਹੱਦ ਤੇ ਕਿਸਾਨ ਮੋਰਚਾ ਲਗਾ ਕੇ ਬੈਠੇ ਕਿਸਾਨ ਆਗੂਆਂ ਵਿੱਚ ਖਨੌਰੀ ਸਰਹੱਦ ਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਪ੍ਰਸਾਸਨ ਵਲੋਂ ਆਪਣੀ ਹਿਰਾਸਤ ਵਿਚ ਲਏ ਜਾਣ ਦੀ ਆਸੰਕਾ ਦੇ ਚਲਦਿਆਂ ਰਾਤ ਪੈਂਦਿਆਂ ਹੀ ਮੋਰਚੇ ਵਿਚ ਚੌਕਸੀ ਤੇਜ ਕਰ ਦਿੱਤੀ ਜਾਂਦੀ ਹੈ । ਖਨੌਰੀ ਸਰਹੱਦ ਤੇ ਤਾਜਾ ਹਾਲਤਾਂ ਨੂੰ ਦੇਖਦਿਆਂ ਹੋਇਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੇਰ ਰਾਤ ਗਏ ਮੋਰਚੇ ਤੇ ਬੈਠੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜਦੂਰ ਮੋਰਚੇ ਦੇ ਚੋਣਵੇਂ ਆਗੂਆਂ ਨਾਲ ਹੰਗਾਮੀ ਮੀਟਿੰਗ ਕਰਕੇ ਪੂਰੇ ਘਟਨਾਕ੍ਰਮ ਤੇ ਬੜੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅੱਜ ਦੀ ਅਤੇ ਕੱਲ੍ਹ ਦੀ ਰਾਤ ਨੂੰ ਇਸ ਅੰਦੋਲਨ ਦੀਆਂ ਬੜੀਆਂ ਅਹਿਮ ਰਾਤਾਂ ਦੱਸਦਿਆਂ ਹੋਇਆਂ ਮੋਰਚੇ ਦੇ ਆਲੇ ਦੁਆਲੇ ਕਿਸਾਨਾਂ ਨੂੰ ਪੂਰੀ ਚੌਕਸੀ ਨਾਲ ਪਹਿਰੇਦਾਰੀ ਕਰਨ ਦੇ ਲਈ ਕਿਹਾ ਗਿਆ। ਜਿਸ ਉਪਰੰਤ ਜਿਥੇ ਮੋਰਚੇ ਦੇ ਚਾਰ ਚੁਫੇਰੇ ਹੀ ਵਲੰਟੀਅਰ ਆਪੋ ਆਪਣੀਆਂ ਡਿਊਟੀਆਂ ਸੰਭਾਲ ਕੇ ਠੀਕਰੀ ਪਹਿਰੇ ਲਗਾ ਕੇ ਖੜ ਗਏ ਉਥੇ ਮੋਰਚੇ ਵਿਚ ਕਿਸਾਨ ਆਗੂਆਂ ਵਲੋਂ ਅਨਾਊਂਸਮੈਂਟ ਮੋਰਚੇ ਵਿਚ ਸਾਮਿਲ ਕਿਸਾਨਾਂ ਨੂੰ ਜਾਗਦੇ ਰਹਿਣ ਦੇ ਲਈ ਕਿਹਾ ਜਾਂਦਾ ਰਿਹਾ। ਜਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ 26 ਨਵੰਬਰ ਤੋਂ ਖਨੌਰੀ ਸਰਹੱਦ ਤੇ ਮਰਨ ਵਰਤ ਤੇ ਬੈਠਣ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਡੱਲੇਵਾਲ ਦੇ ਮਰਨ ਵਰਤ ਤੇ ਬੈਠਣ ਤੋਂ ਕੁੱਝ ਘੰਟੇ ਪਹਿਲਾਂ ਯਾਨੀ ਕਿ 25 ਤੇ 26 ਨਵੰਬਰ ਦੀ ਦਰਮਿਆਨੀ ਰਾਤ ਨੂੰ ਪੁਲਿਸ ਵਲੋਂ ਉਨ੍ਹਾਂ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿਨ੍ਹਾਂ ਨੂੰ ਕਿਸਾਨ ਆਗੂਆਂ ਦੁਆਰਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਦਾ ਘਿਰਾਓ ਕੀਤੇ ਜਾਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ 4 ਦਿਨ ਆਪਣੀ ਹਿਰਾਸਤ ਵਿਚ ਰੱਖਣ ਉਪਰੰਤ ਛੱਡਿਆ ਗਿਆ ਸੀ। ਜਿਹੜੇ ਕਿ ਉਦੋਂ ਤੋਂ ਹੀ ਖਨੌਰੀ ਸਰਹੱਦ ਤੇ ਮਰਨ ਵਰਤ ਤੇ ਬੈਠੇ ਹੋਏ ਹਨ।