ਖਨੌਰੀ : ਅੱਜ 18ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਬਾਰਡਰ ਵਿਖੇ ਮਰਨ ਵਰਤ ਜਾਰੀ ਹੈ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ ਹੈ ਅਤੇ ਸਥਿਤੀ ਕਿਸੇ ਵੀ ਸਮੇਂ ਹੱਥੋਂ ਬਾਹਰ ਜਾ ਸਕਦੀ ਹੈ। ਜਗਜੀਤ ਸਿੰਘ ਡੱਲੇਵਾਲ ਦੇ ਬਲੱਡ ਪ੍ਰੈਸ਼ਰ ਅਤੇ ਪਲਸ ਵਿੱਚ ਆ ਰਹੇ ਉਤਰਾਅ-ਚੜ੍ਹਾਅ ਨੂੰ ਲੈ ਕੇ ਡਾਕਟਰ ਜ਼ਿਆਦਾ ਚਿੰਤਤ ਹਨ। ਅੱਜ 3 ਦਿਨਾਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਟਰਾਲੀ ਤੋਂ ਬਾਹਰ ਕਿਸਾਨਾਂ ਦੇ ਦਰਸ਼ਨ ਕਰਨ ਲਈ ਸਟੇਜ ਲਈ ਉੱਪਰ ਆਏ ਤਾਂ ਉਨ੍ਹਾਂ ਬੰਦ ਮੁੱਠੀ ਨਾਲ ਹਵਾ 'ਚ ਹੱਥ ਲਹਿਰਾ ਕੇ ਕਿਸਾਨਾਂ ਵੱਲ ਇਸ਼ਾਰਾ ਕਰਦੇ ਹੋਏ ਸੁਨੇਹਾ ਦਿੱਤਾ ਕਿ ਹੌਂਸਲਾ ਅਤੇ ਹਿੰਮਤ ਬਣਾਈ ਰੱਖਿਓ ਅਤੇ ਉਹਨਾਂ ਦੀ ਜ਼ਿੰਦਗੀ ਦੀ ਚਿੰਤਾ ਕਰਨ ਦੀ ਬਜਾਏ ਮੋਰਚੇ ਨੂੰ ਮਜ਼ਬੂਤ ਕਰਨ 'ਤੇ ਧਿਆਨ ਦਿਓ ਕਿਉਂਕਿ ਉਹਨਾਂ ਦੀ ਜਿੰਦਗੀ ਤੋਂ ਜਿਆਦਾ ਸਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਨੂੰ ਬਚਾਉਣ ਲਈ ਮੋਰਚਾ ਜਿੱਤਣਾ ਜਰੂਰੀ ਹੈ। ਕਿਸਾਨ ਆਗੂਆਂ ਨੇ ਰਾਤ ਸਮੇਂ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ ਕਿਸਾਨ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਜਗਜੀਤ ਸਿੰਘ ਡੱਲੇਵਾਲ ਜੀ ਦਾ ਹਾਲ-ਚਾਲ ਜਾਣਨ ਲਈ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ, ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸੀਅਤਾਂ ਉਚੇਚੇ ਤੌਰ 'ਤੇ ਪਹੁੰਚੀਆ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਮੋਰਚਿਆਂ ਉੱਪਰ ਸਹਿਯੋਗ ਅਤੇ ਸਮਰਥਨ ਕਰਨ ਲਈ ਸਾਰੇ ਆਗੂਆਂ ਦਾ ਸਤਿਕਾਰ ਅਤੇ ਸਵਾਗਤ ਹੈ। ਅੱਜ ਮੁੱਖ ਤੌਰ 'ਤੇ ਸੰਤ ਗੋਪਾਲਦਾਸ, ਰਤਵਾੜਾ ਸਾਹਿਬ ਤੋਂ ਕਮੇਟੀ, ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ, ਹੁਸ਼ਿਆਰ ਸਿੰਘ ਗਿੱਲ, ਜਗਦੀਪ ਸਿੰਘ ਔਲਖ, ਮਨਜੀਤ ਸਿੰਘ ਧਨੇਰ, ਕੁਲਦੀਪ ਸਿੰਘ ਵਜੀਦਪੁਰ, ਜੰਗਵੀਰ ਸਿੰਘ ਚੌਹਾਨ, ਵਿਧਾਇਕ ਸੁਖਪਾਲ ਸਿੰਘ ਖਹਿਰਾ ਆਦਿ ਪਹੁੰਚੇ। ਅੱਜ ਖਨੌਰੀ ਮੋਰਚੇ ਉੱਪਰ ਕੇਂਦਰ ਸਰਕਾਰ ਅਤੇ ਹਰਿਆਣਾ-ਪੰਜਾਬ ਸਰਕਾਰਾਂ ਦੇ ਪੁਤਲੇ ਫੂਕੇ ਗਏ 16 ਦਸੰਬਰ ਨੂੰ ਦੇਸ਼ ਭਰ 'ਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਵੱਡੇ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਰਿਕੇਸ ਟਿਕੈਤ ਕਿਹਾ ਕਿ ਅੱਜ ਉਹ ਇੱਥੇ ਡੱਲੇਵਾਲ ਸਾਹਿਬ ਦੀ ਸਿਹਤ ਦਾ ਹਾਲ ਜਾਨਣ ਆਏ ਸੀ ਪਰ ਡੱਲੇਵਾਲ ਸਾਹਿਬ ਬੋਲਣ ਦੀ ਸਥਿਤੀ ਵਿੱਚ ਨਹੀਂ ਹਨ ਉਹਨਾਂ ਨੇ ਬੰਦ ਮੁੱਠੀ ਨਾਲ ਹੱਥ ਖੜਾ ਕਰਕੇ ਇੱਕ ਸੰਦੇਸ਼ ਦਿੱਤਾ ਹੈ ਕਿ ਸੰਘਰਸ਼ ਜਾਰੀ ਰਹੇਗਾ ਸ੍ਰੀ ਟਿਕੈਤ ਨੇ ਦੱਸਿਆ ਕੀ ਡਲੇਵਾਲ ਸਾਹਿਬ ਦੀ ਸਿਹਤ ਠੀਕ ਨਹੀਂ ਹੈ ਅਤੇ ਇਸੇ ਲਈ ਮਾਨਯੋਗ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਕਿਹਾ ਹੈ। ਜਿਹੜੀਆਂ ਵੀ ਜਥੇਬੰਦੀਆਂ 2021 ਵਿੱਚ ਵਾਪਸ ਆਈਆਂ ਸੀ ਉਹਨਾਂ ਸਾਰੀਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਤਾਂ ਹੀ ਦਿੱਲੀ ਜਿੱਤੀ ਜਾ ਸਕਦੀ ਹੈ।