ਸੁਨਾਮ : ਕਿਸਾਨੀ ਮੰਗਾਂ ਦੀ ਪੂਰਤੀ ਲਈ ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਜ਼ਬਰੀ ਰੋਕੇ ਜਾਣ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੋਮਵਾਰ ਨੂੰ ਸੁਨਾਮ ਵਿਖੇ ਵੱਡੀ ਗਿਣਤੀ ਕਿਸਾਨਾਂ ਨੇ ਰਾਹਗੀਰਾਂ ਦੀ ਮੁਸ਼ਕਿਲ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਨਜ਼ਦੀਕ ਮਾਤਾ ਮੋਦੀ ਪਾਰਕ ਵਿੱਚ ਸੰਕੇਤਕ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ। ਦੱਸਣਯੋਗ ਹੈ ਕਿ ਸੁਨਾਮ ਵਿਖੇ ਬਣ ਰਹੇ ਰੇਲਵੇ ਅੰਡਰ ਬਰਿੱਜ ਕਾਰਨ ਮੰਤਰੀ ਦੀ ਕੋਠੀ ਮੂਹਰੇ ਧਰਨਾ ਦੇਣ ਕਾਰਨ ਬੱਸਾਂ ਦੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ,ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਕਮਿਊਨਿਸਟ ਆਗੂ ਹਰਦੇਵ ਸਿੰਘ ਬਖ਼ਸ਼ੀਵਾਲਾ, ਬਿੰਦਰਪਾਲ ਛਾਜਲੀ ਅਤੇ ਮਲਕੀਤ ਸਿੰਘ ਲਖਮੀਰਵਾਲਾ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਇਸ਼ਾਰਿਆਂ ਤੇ ਪੁਲਿਸ ਦੁਆਰਾ ਹੱਕ ਮੰਗਦੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ, ਅਜਿਹੇ ਵਰਤਾਰੇ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਲਦੀ ਹੀ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਜੇ ਭੁਲੇਖੇ ਵਿੱਚ ਹਨ ਕਿ ਸਰਕਾਰੀ ਜ਼ਬਰ ਰਾਹੀਂ ਸੰਘਰਸ਼ੀ ਲੋਕਾਂ ਨੂੰ ਰੋਕਕੇ ਮੰਗਾਂ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਸੰਵਿਧਾਨ ਮੁਤਾਬਿਕ ਸਰਕਾਰਾਂ ਦੀ ਸਮਾਂ ਸੀਮਾ ਤੈਅ ਹੈ ਜਦਕਿ ਸੰਘਰਸ਼ ਦਹਾਕਿਆਂ ਤੱਕ ਲੜੇ ਜਾਂਦੇ ਹਨ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਲੋਂਗੋਵਾਲ, ਹਰਮੇਲ ਸਿੰਘ ਮਹਿਰੋਕ, ਵਰਿੰਦਰ ਕੋਸ਼ਿਕ, ਜਸਵੰਤ ਸਿੰਘ ਬਿਗੜਵਾਲ, ਮਹਿੰਦਰ ਸਿੰਘ ਲੋਂਗੋਵਾਲ, ਭਜਨ ਸਿੰਘ ਢੱਡਰੀਆਂ, ਕਰਮਜੀਤ ਸਿੰਘ ਸਤੀਪੁਰ, ਐਡਵੋਕੇਟ ਮਿੱਤ ਸਿੰਘ ਜਨਾਲ, ਜਗਦੀਸ਼ ਸਿੰਘ ਬਖਸ਼ੀਵਾਲਾ, ਜਗਜੀਤ ਸਿੰਘ ਕੋਟੜਾ, ਗੁਰਤੇਜ ਸਿੰਘ ਦੁੱਗਾਂ, ਗਗਨਦੀਪ ਸਿੰਘ ਚੱਠਾ, ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਰਣਦੀਪ ਕੌਰ ਰਟੋਲਾਂ, ਬਲਜੀਤ ਕੌਰ ਖਡਿਆਲ ਸਮੇਤ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ ।