ਸੁਨਾਮ : ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਆਗੂਆਂ ਮਾਰਕਿਟ ਕਮੇਟੀ ਸੁਨਾਮ ਦੇ ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ ਅਤੇ ਪ੍ਰਿੰਸੀਪਲ ਗੁਰਚਰਨ ਸਿੰਘ ਹਰੀਕਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪਰਿਵਾਰ ਦੀ ਪ੍ਰਧਾਨਗੀ ਬਚਾਉਣ ਲਈ ਤਖ਼ਤਾਂ ਦੇ ਜਥੇਦਾਰ ਬਦਲਕੇ ਕੌਮ ਅੰਦਰ ਖ਼ਾਨਾਜੰਗੀ ਪੈਦਾ ਕਰ ਰਹੀ ਹੈ। ਅਜਿਹੇ ਹਾਲਾਤ ਸਿੱਖ ਕੌਮ ਨੂੰ ਦੁਬਿਧਾ ਵਿੱਚ ਫ਼ਸਾ ਰਹੇ ਹਨ। ਉਨ੍ਹਾਂ ਆਖਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਥਾਪੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿੱਖ ਸੰਸਥਾਵਾਂ ਦੇ ਵਿਰੋਧ ਕਾਰਨ ਦਿੱਤੇ ਸਮੇਂ ਤੋਂ ਪਹਿਲਾਂ ਤੜਕਸਾਰ ਸੇਵਾ ਸੰਭਾਲਣੀ ਪਈ ਹੈ, ਸਿੱਖ ਸੰਗਤਾਂ ਅਜਿਹੇ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰਨਗੀਆਂ। ਸੋਮਵਾਰ ਨੂੰ ਸੁਨਾਮ ਵਿਖੇ ਇਕੱਤਰ ਹੋਏ ਅਕਾਲੀ ਆਗੂਆਂ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਥਾਪੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸੇਵਾ ਸੰਭਾਲਣ ਤੋਂ ਬਾਅਦ ਅੱਜ ਦਿੱਤੇ ਸੰਦੇਸ਼ ਵਿੱਚ ਸਪਸ਼ਟ ਨਜ਼ਰ ਆਇਆ ਕਿ ਉਹ ਬਾਦਲ ਪਰਿਵਾਰ ਦੀ ਪ੍ਰਧਾਨਗੀ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਕਰਨ ਲਈ ਗਠਿਤ ਕੀਤੀ ਸੱਤ ਮੈਂਬਰੀ (ਹੁਣ ਪੰਜ ਮੈਂਬਰੀ ਕਮੇਟੀ) ਤੇ ਨਜ਼ਰਸਾਨੀ ਕਰਨਗੇ, ਜਦਕਿ ਦੂਜੇ ਪਾਸੇ ਕਿਹਾ ਕਿ ਦੋ ਦਸੰਬਰ ਦੇ ਫੈਸਲਿਆਂ ਨੂੰ ਬਦਲਿਆ ਨਹੀਂ ਜਾਵੇਗਾ। ਜਥੇਦਾਰ ਦੇ ਅਜਿਹੇ ਸੰਦੇਸ਼ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿੰਘ ਸਾਹਿਬ ਗਿਆਨੀ ਰਘਬੀਰ, ਗਿਆਨੀ ਸੁਲਤਾਨ ਸਿੰਘ ਨੂੰ ਕਿਉਂ ਬਦਲਿਆ ਗਿਆ ਹੈ। ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਗਠਿਤ ਭਰਤੀ ਕਮੇਟੀ ਹੀ ਬਾਦਲਕਿਆਂ ਨੂੰ ਪ੍ਰਵਾਨ ਨਹੀਂ ਇਸੇ ਕਾਰਨ ਤਖ਼ਤ ਸਾਹਿਬ ਦੇ ਜਥੇਦਾਰ ਬਦਲੇ ਗਏ ਹਨ। ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਦੋ ਦਸੰਬਰ ਦੇ ਫੈਸਲਿਆਂ ਨੂੰ ਇੰਨਬਿੰਨ ਲਾਗੂ ਕਰਨ ਦੀ ਗੱਲ ਕਰ ਰਹੇ ਸਨ। ਇਸ ਮੌਕੇ ਗਿਆਨ ਸਿੰਘ ਸੰਧੇ, ਚਮਕੌਰ ਸਿੰਘ ਮੋਰਾਂਵਾਲੀ, ਸਾਬਕਾ ਕੌਂਸਲਰ ਦਰਸ਼ਨ ਸਿੰਘ ਮੋਰਾਂਵਾਲੀ, ਪਿਆਰਾ ਸਿੰਘ ਗਿੱਲ, ਸੁਰਿੰਦਰ ਸਿੰਘ ਹਾਂਡਾ, ਪ੍ਰੇਮ ਸਿੰਘ ਥਾਣੇਦਾਰ, ਸਤਵੀਰ ਸਿੰਘ ਸਿੱਧੂ, ਸੁਰਿੰਦਰ ਸਿੰਘ ਘਾਸੀਵਾਲਾ, ਹਰਵਿੰਦਰ ਸਿੰਘ ਹਨੀ ਹਾਂਡਾ, ਮਾਸਟਰ ਦਲਜੀਤ ਸਿੰਘ, ਕੁਲਵੰਤ ਸਿੰਘ ਕਾਲਾ ਨੰਬਰਦਾਰ, ਧਰਮਪਾਲ, ਅਨਿਲ ਕੁਮਾਰ ਸਮੇਤ ਹੋਰ ਆਗੂ ਹਾਜ਼ਰ ਸਨ।