ਪਾਇਲ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੀਆਂ ਹਿਦਾਇਤਾਂ ਤੇ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਰੇਲ ਰੋਕੂ ਪ੍ਰੋਗਰਾਮ ਨਾਲ ਤਾਲਮੇਲਵੇਂ ਪ੍ਰੋਗਰਾਮ ਵਜੋਂ ਮਲੌਦ ਬਲਾਕ ਦੇ ਪਿੰਡਾਂ ਵਿਚ ਵੱਡਾ ਝੰਡਾ ਮਾਰਚ ਕੱਢਿਆ ਗਿਆ, ਜਿਸ ਵਿੱਚ ਬਲਾਕ ਦੇ ਤਿੰਨ ਦਰਜਨ ਪਿੰਡਾਂ ਦੇ ਕਿਸਾਨ ਭਾਕਿਯੂ ਉਗਰਾਹਾਂ ਦੀ ਅਗਵਾਈ ਹੇਠ ਇਕੱਠੇ ਹੋਏ।ਦਾਣਾ ਮੰਡੀ ਮਲੌਦ ਵਿੱਚ ਤਕਰੀਬਨ ਡੇਢ ਸੌ ਮੋਟਰਸਾਈਕਲਾਂ ਦਾ ਕਾਫ਼ਲਾ ਕੇਂਦਰ ਸਰਕਾਰ ਖ਼ਿਲਾਫ਼ ਆਕਾਸ਼ ਗੁੰਜਾਊ ਨਾਅਰੇ ਗੁੰਜਾਉਂਦਾ ਹੋਇਆ ਦੋ ਗਰੁੱਪਾਂ ਵਿੱਚ ਬਲਾਕ ਦੇ ਤਿੰਨ ਦਰਜਨ ਪਿੰਡਾਂ ਵਿੱਚੋਂ ਦੀ ਗੁਜ਼ਰਿਆ। ਝੰਡਾ ਮਾਰਚ ਕਾਰੀ ਕਿਸਾਨ ਮੰਗ ਕਰ ਰਹੇ ਸਨ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਈ ਬਾਰਡਰਾਂ ਤੇ ਲੜ ਰਹੇ ਲੋਕਾਂ ਤੇ ਜਬਰ ਬੰਦ ਕੀਤਾ ਜਾਵੇ, ਮਰਨ ਵਰਤ ਤੇ ਬੈਠੇ ਕਿਸਾਨ ਆਗੂ ਦੀ ਜਾਨ ਬਚਾਈ ਜਾਵੇ, ਕੇਂਦਰ ਸਰਕਾਰ ਵੱਲੋਂ ਸਰਕਾਰੀ ਮੰਡੀਆਂ ਦਾ ਭੋਗ ਪਾਉਣ ਲਈ ਸੂਬਿਆਂ ਨੂੰ ਭੇਜਿਆ ਗਿਆ ਨਾਦਰਸ਼ਾਹੀ ਫ਼ਰਮਾਨ ਵਾਪਸ ਲਿਆ ਜਾਵੇ, ਐੱਮਐਸਪੀ ਦਾ ਗਾਰੰਟੀ ਕਾਨੂੰਨ ਬਣਾਇਆ ਜਾਵੇ, ਕਿਸਾਨਾਂ ਮਜ਼ਦੂਰਾਂ ਤੇ ਚੜ੍ਹੇ ਕਰਜ਼ੇ ਖ਼ਤਮ ਕੀਤੇ ਜਾਣ ਅਤੇ ਜਨਤਕ ਵੰਡ ਪ੍ਰਣਾਲੀ ਕਾਇਮ ਰੱਖੀ ਜਾਵੇ। ਝੰਡਾ ਮਾਰਚ ਕਾਰੀਆਂ ਨੇ ਹਰਿਆਣੇ ਦੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਗਾਅ ਕੇ ਇੱਕਜੁੱਟਤਾ ਦਰਸਾਈ। ਦਾਣਾ ਮੰਡੀ ਮਲੌਦ ਅਤੇ ਹੋਰ ਪਿੰਡਾਂ ਵਿੱਚ ਹੋਏ ਇਕੱਠਾਂ ਨੂੰ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸਿਰਥਲਾ, ਨਾਜਰ ਸਿੰਘ ਸਿਆੜ , ਮਨੋਹਰ ਸਿੰਘ ਕਲਾਹੜ, ਮਨਪ੍ਰੀਤ ਸਿੰਘ ਜੀਰਖ, ਚਰਨ ਸਿੰਘ ਸਿਹੌੜਾ, ਬਲਵਿੰਦਰ ਸਿੰਘ ਨਿਜਾਮਪੁਰ, ਧਰਮ ਸਿੰਘ ਮਾਲੋਦੌਦ, ਬਲਵਿੰਦਰ ਸਿੰਘ ਝੱਮਟ, ਰੂਪ ਸਿੰਘ ਝੱਮਟ, ਨਾਜ਼ਰ ਸਿੰਘ ਰਾਮਗੜ੍ਹ ਸਰਦਾਰਾਂ, ਗੁਰਜੀਤ ਸਿੰਘ ਪੰਧੇਰ ਖੇੜੀ, ਵਰਿੰਦਰ ਪਾਲ ਸਿੰਘ ਸ਼ੀਹਾਂਦੌਦ, ਗੁਰਜਿੰਦਰ ਸਿੰਘ ਪ੍ਰਧਾਨ ਰੋੜੀਆਂ ਅਤੇ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਦਸੰਬਰ ਨੂੰ ਹਰਿਅਣਾ ਬਾਰਡਰਾਂ ਤੇ ਲੜ ਰਹੇ ਕਿਸਾਨਾਂ ਦੇ ਹੱਕ ਵਿੱਚ ਖੜਨ ਦੀ ਅਪੀਲ ਕੀਤੀ।