ਜ਼ੀਰਕਪੁਰ : ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ, ਹਰਿਆਣਾ ਤੇ ਨਿਸਾ ਦੀ ਸਾਂਝੀ ਅਗਵਾਈ ਹੇਠ ਅੱਜ ਹੋਟਲ ਪਾਰਕ ਪਲਾਜ਼ਾ, ਜ਼ੀਰਕਪੁਰ, ਚੰਡੀਗੜ੍ਹ ਵਿਖੇ ਦੋ ਰੋਜ਼ਾ 'ਸਕੂਲ ਲੀਡਰਜ਼' ਸੰਮੇਲਨ-2024' ਸ਼ੁਰੂ ਹੋ ਗਿਆ। ਵਿਸ਼ਵ ਪ੍ਰਸਿੱਧ ਯੋਗ ਗੁਰੂ ਤੇ ਅਧਿਆਤਮਿਕ ਮਾਰਗਦਰਸ਼ਕ ਪਰਮ ਪਵਿੱਤਰ ਸਵਾਮੀ ਰਾਮਦੇਵ ਨੇ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਵਾਮੀ ਰਾਮਦੇਵ ਨੇ ਸਿੱਖਿਆ ਵਿਚ ਨਵੀਨਤਾਕਾਰੀ ਕ੍ਰਾਂਤੀ ਤੇ ਨਵੀਂ ਸਿੱਖਿਆ ਨੀਤੀ (ਐਨਈਪੀ) ਨੂੰ ਸਫ਼ਲ ਬਣਾਉਣ ਲਈ ਲੋੜੀਂਦੇ ਕਦਮਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਨਿਸਾ ਦੇ ਚੇਅਰਮੈਨ ਡਾ. ਕੁਲਭੂਸ਼ਣ ਸ਼ਰਮਾ ਅਤੇ ਭਾਰਤੀ ਸਿੱਖਿਆ ਬੋਰਡ ਦੇ ਕਾਰਜਕਾਰੀ ਡਾਇਰੈਕਟਰ (ਸਾਬਕਾ) ਆਈਏਐਸ ਨਗਿੰਦਰ ਪ੍ਰਸਾਦ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੋਗ ਗੁਰੂ ਸਵਾਮੀ ਰਾਮਦੇਵ ਨੇ ਭਾਰਤੀ ਸਿੱਖਿਆ ਬੋਰਡ ਨੂੰ ਪ੍ਰਫੁੱਲਤ ਕਰਨ ਦੀ ਗੱਲ ਆਖੀ ਅਤੇ ਵਨ ਨੇਸ਼ਨ ਵਨ ਐਜੂਕੇਸ਼ਨ ਦੇ ਨਾਅਰੇ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਚ ਸਦੀਵੀ ਭਾਵਨਾ ਹੋਣੀ ਚਾਹੀਦੀ ਹੈ ਅਤੇ ਭਾਰਤ ਦੇ ਸਮੁੱਚੇ ਸੱਭਿਆਚਾਰਕ, ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਵਿਰਸੇ ਨੂੰ ਨਾਲ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਤਿਹਾਸ, ਗਣਿਤ ਵਿਚ ਵੈਦਿਕ ਗਣਿਤ, ਵਿਗਿਆਨ ਵਿਚ ਵੈਦਿਕ ਵਿਗਿਆਨ ਪੜ੍ਹਨਾ ਚਾਹੀਦਾ ਹੈ ਅਤੇ ਸਾਰੇ ਬੱਚਿਆਂ ਵਿਚ ਭਾਰਤ ਦੀ ਏਕਤਾ ਤੇ ਅਖੰਡਤਾ, ਰਾਸ਼ਟਰ ਧਰਮ, ਰਾਸ਼ਟਰ ਪਿਆਰ, ਰਾਸ਼ਟਰ ਹਿੱਤ ਦੀ ਸੋਚ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਇਸ ਮੌਕੇ ਪੱਤਰਕਾਰਾਂ ਵਲੋਂ ਮਜ਼ਬੂਤ ਲੋਕਪਾਲ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮਜ਼ਬੂਤ ਲੋਕਪਾਲ ਲਈ ਉਨ੍ਹਾਂ ਦਾ ਸੰਘਰਸ਼ ਅੱਜ ਵੀ ਜਾਰੀ ਹੈ।
ਇਸ ਮੌਕੇ ਨਿਸਾ ਦੇ ਚੇਅਰਮੈਨ ਡਾ. ਕੁਲਭੂਸ਼ਣ ਸ਼ਰਮਾ ਨੇ ਕਿਹਾ ਕਿ ਹਰਿਆਣਾ ਅਤੇ ਦਿੱਲੀ ਐਨਸੀਆਰ ਵਿਚ 100 ਮਾਡਲ ਸਕੂਲ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਨਿਸਾ ਦੇ ਗੁਣਵੱਤਾ ਚਾਰਟਰ ਨਾਲ ਮੈਪ ਕਰਕੇ ਪਹਿਲਾਂ ਪਰਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਕਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਮਿਲ ਕੇ ਸੁਧਾਰਿਆ ਜਾਵੇਗਾ, ਤਾਂ ਜੋ ਇਹ ਇਕ ਮਿਆਰੀ ਸਕੂਲ ਬਣ ਕੇ ਪੂਰੇ ਦੇਸ਼ ਲਈ ਮਿਸਾਲ ਬਣ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਸ਼ਵ ਨੇਤਾ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਨਿਸਾ ਕਦਮ ਕਦਮ 'ਤੇ ਮਦਦ ਕਰੇਗੀ। ਡਾ. ਕੁਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਵਿਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਦਿੱਲੀ, ਰਾਜਸਥਾਨ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਆਦਿ ਤੋਂ ਵੱਡੀ ਗਿਣਤੀ ਵਿਚ ਸਕੂਲ ਡਾਇਰੈਕਟਰਾਂ ਤੇ ਪ੍ਰਿੰਸੀਪਲਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਨੇ ਸਿੱਖਿਆ ਖੇਤਰ ਵਿਚ ਨਵੀਨਤਾ, ਅਗਵਾਈ ਤੇ ਨਵੀਂ ਸਿੱਖਿਆ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਇੱਕ ਵਿਲੱਖਣ ਪਲੇਟਫਾਰਮ ਪ੍ਰਦਾਨ ਕੀਤਾ। ਇਸ ਸੰਮੇਲਨ ਵਿਚ ਹਾਜ਼ਰ ਸਮੂਹ ਸਕੂਲਾਂ ਨੇ ਨਵੀਂ ਸਿੱਖਿਆ ਨੀਤੀ ਨੂੰ ਸਫ਼ਲ ਬਣਾਉਣ ਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਾਂਝੇ ਯਤਨ ਕਰਨ ਦਾ ਸੰਕਲਪ ਲਿਆ।
ਇਸ ਸੰਮੇਲਨ ਵਿਚ ਬੋਲਦਿਆਂ ਭਾਰਤੀ ਸਿੱਖਿਆ ਬੋਰਡ ਦੇ ਕਾਰਜਕਾਰੀ ਨਿਰਦੇਸ਼ਕ (ਰਿਟਾ.) ਆਈਏਐਸ ਨਗੇਂਦਰ ਪ੍ਰਸਾਦ ਸਿੰਘ ਨੇ ਕਿਹਾ ਕਿ ਸਮੇਂ ਦੇ ਨਾਲ ਸਿੱਖਿਆ ਦੇ ਸਰੂਪ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੜ੍ਹਾਈ ਦਾ ਮਤਲਬ ਸਿਰਫ਼ ਨੌਕਰੀ ਪ੍ਰਾਪਤ ਕਰਨਾ ਹੀ ਸਮਝਿਆ ਜਾਂਦਾ ਹੈ, ਜਿਸ ਕਾਰਨ ਵਿਦਿਆਰਥੀਆਂ ਵਿੱਚ ਅਗਵਾਈ ਅਤੇ ਸਮਰੱਥਾ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਿੱਖਿਆ ਬੋਰਡ ਇਸ ਕਮੀ ਨੂੰ ਪੂਰਾ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਦਾ ਆਯੋਜਨ ਸਿੱਖਿਆ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ, ਨੀਤੀਗਤ ਬਦਲਾਅ 'ਤੇ ਚਰਚਾ ਕਰਨ ਤੇ ਸਕੂਲ ਲੀਡਰਸ਼ਿਪ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।