ਨਵੀਂ ਦਿੱਲੀ : ਕੋਰੋਨਾ ਤੋਂ ਬਾਅਦ ਹੁਣ ਨਵੀਂ ਮਹਾਂਮਾਰੀ ਦਾ ਖ਼ਤਰਾ ਖੜਾ ਹੋ ਗਿਆ ਹੈ। ਬਲੈਕ ਫ਼ੰਗਸ ਨਾਮੀ ਮਹਾਂਮਾਰੀ ਨੂੰ ਹਰਿਆਣਾ ਸਰਕਾਰ ਨੇ ਨੋਟੀਫ਼ਾਈਡ ਬੀਮਾਰੀ ਐਲਾਨ ਦਿਤਾ ਹੈ ਅਤੇ ਰਾਜਸਥਾਨ ਸਰਕਾਰ ਨੇ ਵੀ ਅਜਿਹਾ ਹੀ ਐਲਾਨ ਕਰ ਦਿਤਾ ਹੈ। ਇਸ ਦਾ ਮਤਲਬ ਹੈ ਕਿ ਇਸ ਬੀਮਾਰੀ ਦਾ ਕੋਈ ਵੀ ਕੇਸ ਆਉਣ ’ਤੇ ਸਰਕਾਰ ਨੂੰ ਸੂਚਨਾ ਦੇਣੀ ਪਵੇਗੀ ਤਾਕਿ ਇਸ ਨਾਲ ਸਿੱਝਣ ਦੀ ਨੀਤੀ ਬਣਾਈ ਜਾ ਸਕੇ। ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਇਹ ਬੀਮਾਰੀ ਹੋ ਰਹੀ ਹੈ। ਜੈਪੁਰ ਵਿਚ ਹੀ 100 ਤੋਂ ਵੱਧ ਮਰੀਜ਼ ਹਨ ਜੋ ਪਿਛਲੇ ਕੁਝ ਦਿਨਾਂ ਤੋਂ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਹਨ। ਪੰਜਾਬ ਵਿਚ ਵੀ ਲਗਭਗ 4 ਕੇਸ ਇਸ ਬੀਮਾਰੀ ਦੇ ਆਏ ਹਨ। ਹੁਣ ਤਕ ਕਈ ਅਜਿਹੇ ਮਾਮਲੇ ਆਏ ਹਨ ਜਿਨ੍ਹਾਂ ਵਿਚ ਇਸ ਬੀਮਾਰੀ ਦੇ ਸ਼ਿਕਾਰ ਮਰੀਜ਼ਾਂ ਦੀ ਅੱਖ ਕਢਣੀ ਪਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਕੋਰੋਨਾ ਪੀੜਤ ਮਰੀਜ਼ ਜਿਨ੍ਹਾਂ ਨੂੰ ਸ਼ੂਗਰ ਦੀ ਬੀਮਾਰੀ ਵੀ ਹੈ, ਉਨ੍ਹਾਂ ਵਿਚ ਸਭ ਤੋਂ ਜ਼ਿਆਦਾ ਰਿਕਵਰੀ ਦੇ ਬਾਅਦ ਬਲੈਕ ਫ਼ੰਗਸ ਦੀ ਸ਼ਿਕਾਇਤ ਆ ਰਹੀ ਹੈ। ਦੇਸ਼ ਭਰ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਬੀਮਾਰੀ ਏਨੀ ਖ਼ਤਰਨਾਕ ਹੈ ਕਿ ਲੋਕਾਂ ਦੀ ਜਾਨ ਬਚਾਉਣਲਈ ਉਨ੍ਹਾਂ ਦੇ ਸਰੀਰ ਦੇ ਅੰਗ ਤਕ ਕੱਟ ਕੇ ਕੱਢਣੇ ਪੈ ਰਹੇ ਹਨ। ਪਹਿਲਾਂ ਦਸੰਬਰ ਵਿਚ ਵੀ ਕੁਝ ਮਾਮਲੇ ਸਾਹਮਣੇ ਆਏ ਸਨ। ਡਾਕਟਰਾਂ ਮੁਤਾਬਕ ਇਹ ਇਕ ਫ਼ੰਗਲ ਬੀਮਾਰੀ ਹੈ। ਜ਼ਿਆਦਾਤਰ ਸਾਹ ਜ਼ਰੀਏ ਵਾਤਾਵਰਣ ਵਿਚ ਮੌਜੂਦ ਫ਼ੰਗਲ ਜਾਂ ਖ਼ਤਰਨਾਕ ਕਣ ਸਾਡੇ ਸਰੀਰ ਵਿਚ ਪਹੁੰਚਦੇ ਹਨ। ਜੇ ਸਰੀਰ ਵਿਚ ਕਿਸੇ ਤਰ੍ਹਾਂ ਦਾ ਜ਼ਖ਼ਮ ਹੈ ਤਾਂ ਇਹ ਸਰੀਰ ਵਿਚ ਇਨਫ਼ੈਕਸ਼ਨ ਫੈਲਾ ਸਕਦੇ ਹਨ। ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਖ਼ਤਮ ਹੋ ਜਾਂਦੀ ਹੈ। ਜੇ ਬੀਮਾਰੀ ਦਾ ਸਮੇਂ ਸਿਰ ਪਤਾ ਨਾ ਲੱਗੇ ਤਾਂ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ ਜਾਂ ਸਰੀਰ ਦੇ ਜਿਸ ਹਿੱਸੇ ਵਿਚ ਫੰਗਸ ਫੈਲਿਆ ਹੈ ਤਾਂ ਉਹ ਹਿੱਸਾ ਸੜ ਸਕਦਾ ਹੈ। ਇਹ ਫ਼ੰਗਸ ਜਾਂ ਉਲੀ ਜ਼ਮੀਨ ’ਤੇ ਸੜਨ ਵਾਲੇ ਆਰਗੈਨਿਕ ਮੈਟਰ ਵਿਚ, ਜਿਵੇਂ ਪੱਤੀਆਂ, ਸੜੀਆਂ ਲਕੜੀਆਂ ਅਤੇ ਕੰਪੋਸਟ ਖਾਦ ਵਿਚ ਬਲੈਕ ਫੰਗਸ ਪਾਇਆ ਜਾਂਦਾ ਹੈ। ਚਿਹਰੇ ਦਾ ਸੁੱਜ ਜਾਣਾ, ਸਿਰਦਰਦ ਹੋਣਾ, ਨੱਕ ਬੰਦ ਹੋਣਾ, ਉਲਟੀ ਆਉਣਾ, ਬੁਖ਼ਾਰ ਹੋਣਾ ਆਦਿ ਇਸ ਬੀਮਾਰੀ ਦੇ ਲੱਛਣ ਹਨ।