ਖਨੌਰੀ : ਸ. ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਅੱਜ 30ਵੇਂ ਦਿਨ ਵੀ ਖਨੌਰੀ ਬਾਰਡਰ ਉੱਪਰ ਜਾਰੀ ਰਿਹਾ, ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਜੀ ਦਾ ਬਲੱਡ ਪ੍ਰੈਸ਼ਰ ਹੁਣ ਆਮ 100/70 ਰਹਿੰਦਾ ਹੈ ਜੋ ਪਹਿਲਾਂ ਆਮ 130/95 ਰਹਿੰਦਾ ਸੀ ਜੋ ਕਿ ਬਹੁਤ ਚਿੰਤਾਜਨਕ ਗੱਲ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਅਤੇ ਸਾਰੇ ਕਿਸਾਨ ਜਾਣਦੇ ਹਨ ਕਿ ਜਗਜੀਤ ਸਿੰਘ ਡੱਲੇਵਾਲ ਜੀ ਨੇ ਪਿੱਛਲੇ 30 ਦਿਨਾਂ ਤੋਂ ਕੁੱਝ ਨਹੀ ਖਾਧਾ ਹੈ ਅਤੇ ਪਾਣੀ ਤੋਂ ਇਲਾਵਾ ਕੁੱਝ ਵੀ ਨਹੀ ਪੀਤਾ। ਪਰ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਕਿਸੇ ਵੀ ਸੰਵਿਧਾਨਕ ਅਦਾਰੇ ਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਇਸ ਲਈ ਸ. ਜਗਜੀਤ ਸਿੰਘ ਡੱਲੇਵਾਲ ਜੀ ਦੇ ਕੀਟੋਨ ਬਾਡੀ ਟੈਸਟ ਸਮੇਤ ਸਾਰੇ ਟੈਸਟ ਸਰਕਾਰੀ ਡਾਕਟਰਾਂ ਤੋਂ ਵੀ ਕਰਵਾਏ ਜਾਣ ਅਤੇ ਉਨ੍ਹਾਂ ਟੈਸਟਾ ਦੀ ਰਿਪੋਰਟ ਦੇਸ਼ ਦੇ ਅੱਗੇ ਜਨਤਕ ਕੀਤੀ ਜਾਵੇ। ਕਿਸਾਨ ਆਗੂਆਂ ਨੇ ਦੱਸਿਆ ਕਿ 30 ਦਸੰਬਰ ਦੇ ਪੰਜਾਬ ਬੰਦ ਦੇ ਪ੍ਰੋਗਰਾਮ ਦੀ ਤਿਆਰੀ ਲਈ ਭਲਕੇ ਖਨੌਰੀ ਮੋਰਚੇ ਵਿਖੇ ਸਮੂਹ ਧਾਰਮਿਕ, ਸਮਾਜਿਕ, ਸੱਭਿਆਚਾਰਕ, ਵਪਾਰਕ ਜਥੇਬੰਦੀਆਂ/ਯੂਨੀਅਨਾਂ ਦੀ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ 'ਪੰਜਾਬ ਬੰਦ' ਦੇ ਪ੍ਰੋਗਰਾਮ ਲਈ ਠੋਸ ਰਣਨੀਤੀ ਉਲੀਕੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਭਲਕੇ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਵੀ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸੰਕੇਤਿਕ ਭੁੱਖ ਹੜਤਾਲ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕੁੱਝ ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀ ਕਿ ਅਸੀਂ MSP ਉੱਪਰ 24 ਫਸਲਾਂ ਦੀ ਖਰੀਦ ਦੀ ਗਾਰੰਟੀ ਦੇਣ ਦਾ ਫੈਸਲਾ ਲੈ ਰਹੇ ਹਾਂ,ਇਸ ਲਈ ਅਸੀਂ ਦੋਵੇਂ ਮੋਰਚਿਆਂ ਦੇ ਆਗੂ ਹਰਿਆਣਾ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਨ ਕਿ ਕੀ ਕੋਈ ਵੀ ਰਾਜ ਇਸ 'ਤੇ ਸਰਕਾਰ ਆਪਣੇ ਬਲਬੂਤੇ MSP ਉੱਪਰ ਫਸਲਾਂ ਖਰੀਦਣ ਕਰਨ ਲਈ ਆਪਣੇ ਵਿੱਤੀ ਸਾਧਨਾਂ ਦਾ ਪ੍ਰਬੰਧ ਕਰ ਸਕਦੀ ਹੈ ? ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਪੂਲ ਲਈ ਜ਼ਿਆਦਾਤਰ ਖਰੀਦ ਸੂਬਾ ਸਰਕਾਰ ਦੀਆਂ ਏਜੰਸੀਆਂ ਕਰਦੀਆਂ ਹਨ, ਜਿਸ ਦਾ ਬਜਟ ਕੇਂਦਰ ਸਰਕਾਰ ਤੋਂ ਆਉਂਦਾ ਹੈ, ਤਾਂ ਕਿ ਕੋਈ ਵੀ ਸੂਬਾ ਸਰਕਾਰ ਕੇਂਦਰ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਸਾਰੀਆਂ ਫਸਲਾਂ ਦੀ MSP ਉੱਪਰ ਖਰੀਦ ਕਰ ਸਕਦੀ ਹੈ? ਇਸ ਦਾ ਜਵਾਬ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਨੂੰ ਦੇਣਾ ਚਾਹੀਦਾ ਹੈ। ਅੱਜ ਇੱਥੇ ਜਗਜੀਤ ਸਿੰਘ ਡੱਲੇਵਾਲ ਦਾ ਪਤਾ ਲੈਣ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ, ਕੈਬਿਨਟ ਮੰਤਰੀ ਐਡਵੋਕੇਟ ਵਰਿੰਦਰ ਗੋਇਲ, ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੜਿਆ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਸ਼ੈਰੀ ਕਲਸੀ ਅਤੇ ਤਰਸੇਮ ਚੰਦ ਸਿੰਗਲਾ ਵੀ ਪੁਹੰਚੇ।