ਸੁਨਾਮ : ਸੁਨਾਮ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਕਸਬਾ ਲੌਂਗੋਵਾਲ ਵਿਖੇ ਘਰੇਲੂ ਤਕਰਾਰਬਾਜ਼ੀ ਨੂੰ ਲੈਕੇ ਇੱਕ ਨੌਜਵਾਨ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਹੈ। ਥਾਣਾ ਲੌਂਗੋਵਾਲ ਦੀ ਪੁਲਿਸ ਨੇ ਦੋਸ਼ੀਆਂ ਖਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੌਂਗੋਵਾਲ ਦੇ ਐਸ ਐਚ ਓ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਗਪਾਲ ਸਿੰਘ ਦੇ ਪਿਤਾ ਮੱਖਣ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਕਿ ਸੁਰਮੁਖ ਸਿੰਘ ਅਤੇ ਉਸਦੀ ਪਤਨੀ ਮਨਦੀਪ ਕੌਰ ਨਾਲ ਉਸਦੇ ਪੁੱਤਰ ਜਗਪਾਲ ਸਿੰਘ ਦਾ ਆਪਸ ਵਿੱਚ ਤਕਰਾਰ ਹੋ ਗਿਆ ਜਿਸਤੋਂ ਬਾਅਦ ਸੁਰਮੁਖ ਸਿੰਘ ਨੇ ਮੇਰੇ ਪੁੱਤਰ ਜਗਪਾਲ ਸਿੰਘ ਦੇ ਗੋਲੀ ਮਾਰੀ, ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਸੁਰਮੁਖ ਸਿੰਘ ਅਤੇ ਉਸਦੀ ਪਤਨੀ ਮਨਦੀਪ ਕੌਰ ਵਾਸੀਆਨ ਚੀਮਾਂ ਦੇ ਖਿਲਾਫ ਅਧੀਨ ਧਾਰਾ 103,61(2) 25,27/54/59 ਬੀ ਐਨ ਐਸ ਤਹਿਤ ਮੁਕੱਦਮਾ ਦਰਜ ਕਰਕੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਗੋਲੀ ਮਾਰਨ ਵਾਲਾ ਸੁਰਮੁਖ ਸਿੰਘ ਵਾਸੀ ਚੀਮਾਂ ਮ੍ਰਿਤਕ ਜਗਪਾਲ ਸਿੰਘ ਦੇ ਭਰਾ ਚਮਕੌਰ ਸਿੰਘ ਦਾ ਸਹੁਰਾ ਹੈ।