ਨਵੀਂ ਦਿੱਲੀ: ਦਿੱਲੀ ਵਿੱਚ ਬੁੱਧਵਾਰ ਸਵੇਰ ਤੋਂ ਰਾਤ ਤੱਕ 60 ਮਿਲੀਮੀਟਰ ਬਾਰਸ਼ ਹੋਈ, ਜੋ ਕਿ ਮਈ ਦੇ ਮਹੀਨੇ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਸ਼ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ 24 ਮਈ 1976 ਨੂੰ ਇਕ ਦਿਨ 'ਚ ਇੰਨੀ ਬਾਰਸ਼ ਹੋਈ ਸੀ। ਬੁੱਧਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ ਸੈਲਸੀਅਸ ਰਿਹਾ ਜੋ ਕਿ ਮਈ ਦੇ ਮਹੀਨੇ ਵਿੱਚ 1951 ਤੋਂ ਬਾਅਦ ਦਾ ਸਭ ਤੋਂ ਘੱਟ ਤਾਪਮਾਨ ਸੀ। ਪੱਛਮੀ ਰਾਜਾਂ ਵਿੱਚ ਤੂਫਾਨ ਨੇ ਤਬਾਹੀ ਮਚਾ ਦਿੱਤੀ ਹੈ। ਇਸ ਤੂਫਾਨ ਦਾ ਅਸਰ ਉੱਤਰੀ ਰਾਜਾਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਦਿੱਲੀ-ਐਨਸੀਆਰ ਵਿੱਚ ਕੱਲ੍ਹ ਤੋਂ ਲਗਾਤਾਰ ਰੁਕ-ਰੁਕ ਕੇ ਮੀਂਹ ਜਾਰੀ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਇੱਕ ਹਫ਼ਤੇ ਤੱਕ ਦਿੱਲੀ ਦਾ ਮੌਸਮ ਇਸ ਤਰ੍ਹਾਂ ਦਾ ਰਹੇਗਾ। ਜਿਥੇ ਦਿੱਲੀ ਦਾ ਮੌਸਮ ਬਦਲਿਆ ਤਾਂ ਉਥੇ ਹੀ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੇ ਟੈਂਟ ਨੁਕਸਾਨੇ ਜਾ ਰਹੇ ਹਨ। ਸਿੰਘੂ, ਟਿੱਕਰੀ ਅਤੇ ਗਾਜੀਪੁਰ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ ਅਚਾਨਕ ਬਾਰਸ਼ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਮੀਂਹ ਅਜੇ ਵੀ ਜਾਰੀ ਹੈ ਅਤੇ ਮੌਸਮ ਵਿਭਾਗ ਨੇ ਵੀ ਆਉਣ ਵਾਲੇ ਸਮੇਂ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਇਸ ਦੇ ਮੱਦੇਨਜ਼ਰ, ਕਿਸਾਨਾਂ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ।
ਅੱਜ ਉਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ ਦੇ ਕੁਝ ਹਿੱਸਿਆਂ, ਉੱਤਰ ਪੂਰਬੀ ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਕੇਰਲ, ਤੱਟਵਰਤੀ ਕਰਨਾਟਕ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ 'ਤੇ ਹਲਕੇ ਤੋਂ ਦਰਮਿਆਨੀ ਬਾਰਸ਼ ਦੇ ਨਾਲ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਉੱਤਰ-ਪੂਰਬ ਭਾਰਤ, ਅੰਦਰੂਨੀ ਕਰਨਾਟਕ, ਤੇਲੰਗਾਨਾ, ਅੰਦਰੂਨੀ ਤਾਮਿਲਨਾਡੂ, ਕੋਂਕਣ ਅਤੇ ਗੋਆ ਦੇ ਕੁਝ ਹਿੱਸੇ, ਦੱਖਣੀ ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਲਕਸ਼ਦੀਪ ਦੇ ਵੱਖਰੇ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।