ਸੁਨਾਮ : ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਕੇਂਦਰ ਸਰਕਾਰ ਵੱਲੋਂ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਨੂੰ ਇਤਿਹਾਸਕ ਪੱਖੋਂ ਵਿਕਸਤ ਕਰਨ ਦੀਆਂ ਯੋਜਨਾਵਾਂ ਨੂੰ ਅਣਗੌਲਿਆਂ ਨਾ ਕਰੇ। ਉਨ੍ਹਾਂ ਕਿਹਾ ਕੇਂਦਰ ਦੇ ਸੱਭਿਆਚਾਰਕ ਅਤੇ ਸੈਰ-ਸਪਾਟਾ ਮੰਤਰਾਲੇ ਵੱਲੋਂ ਭੇਜੇ ਪ੍ਰਸਤਾਵ 'ਤੇ ਢੁੱਕਵੀਂ ਯੋਜਨਾ ਤਿਆਰ ਕਰਕੇ ਜਲਦੀ ਭੇਜਣ ਦੀ ਤਾਕੀਦ ਕੀਤੀ ਹੈ। ਇਸ ਸਬੰਧੀ ਇੱਕ ਰਸਮੀ ਪੱਤਰ ਕੇਂਦਰ ਸਰਕਾਰ ਵੱਲੋਂ ਕਰੀਬ ਦੋ ਮਹੀਨੇ ਪਹਿਲਾਂ ਪੰਜਾਬ ਦੇ ਸਬੰਧਿਤ ਵਿਭਾਗ ਨੂੰ ਭੇਜਿਆ ਗਿਆ ਸੀ ਲੇਕਿਨ ਪੰਜਾਬ ਸਰਕਾਰ ਨੇ ਅਜੇ ਤੱਕ ਉਸਦਾ ਕੋਈ ਜਵਾਬ ਨਹੀਂ ਦਿੱਤਾ ਸਗੋਂ ਅਧਿਕਾਰੀਆਂ ਵੱਲੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ, ਹੁਣ ਕੇਂਦਰੀ ਸੈਰ ਸਪਾਟਾ ਮੰਤਰਾਲੇ ਨੇ ਦਾਮਨ ਬਾਜਵਾ ਨੂੰ ਨਿੱਜੀ ਤੌਰ ਤੇ ਪੱਤਰ ਲਿਖਕੇ ਪੰਜਾਬ ਸਰਕਾਰ ਨਾਲ ਤਾਲਮੇਲ ਕਰਨ ਦੀ ਹਦਾਇਤ ਕੀਤੀ ਹੈ। ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਮੀਡੀਆ ਸਾਹਮਣੇ ਸਾਰੀਆਂ ਸਬੰਧਿਤ ਚਿੱਠੀਆਂ ਜਨਤਕ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਪੰਜ ਮਹੀਨੇ ਪਹਿਲਾਂ ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੱਤਰ ਲਿਖਕੇ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਵਾਲੀ ਥਾਂ 'ਤੇ ਲਾਇਬ੍ਰੇਰੀ ਅਤੇ ਓਪਨ ਏਅਰ ਥੀਏਟਰ ਬਣਾਉਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਮੁਹੱਲਾ ਪੀਲਵਾਦ ਵਿਖੇ' ਸਥਿਤ ਸ਼ਹੀਦ ਦੇ ਜੱਦੀ ਘਰ ਨੂੰ ਵਿਕਸਤ ਕਰਨ ਅਤੇ ਵਿਦੇਸ਼ਾਂ 'ਚ ਪਏ ਸ਼ਹੀਦ ਦੇ ਨਿੱਜੀ ਜੀਵਨ ਨਾਲ ਸਬੰਧਿਤ ਵਸਤੂਆਂ ਭਾਰਤ ਲਿਆਉਣ ਦੀ ਮੰਗ ਕੀਤੀ ਗਈ। ਇਸ ਵਿੱਚ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਸ਼ਹੀਦ ਨੂੰ ਸਮਰਪਿਤ ਇਮਾਰਤੀ ਗੇਟ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਰਾਮਾਇਣ ਕਾਲ ਦੇ ਸੀਤਾਸਰ ਮੰਦਿਰ ਵਾਲੀ ਥਾਂ ਨੂੰ ਵਿਕਸਤ ਕਰਨ ਅਤੇ ਉਸ ਨੂੰ ਸ਼ਾਨਦਾਰ ਦਿੱਖ ਦੇਣ ਦੀ ਮੰਗ ਕੀਤੀ ਗਈ ਹੈ। ਇਸ ਨੂੰ ਸਵੀਕਾਰ ਕਰਦਿਆਂ ਕੇਂਦਰੀ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਕਈ ਯੋਜਨਾਵਾਂ ਦਾ ਹਵਾਲਾ ਦੇ ਕੇ ਪੱਤਰ ਲਿਖਕੇ ਢੁਕਵੀਂ ਯੋਜਨਾ ਭੇਜਣ ਲਈ ਕਿਹਾ ਹੈ। ਦਾਮਨ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਇਤਿਹਾਸਕ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ। ਅਜਿਹੇ ਵਿੱਚ ਪੰਜਾਬ ਸਰਕਾਰ ਨੂੰ ਵੀ ਸ਼ਹੀਦਾਂ ਦੇ ਸ਼ਹਿਰ ਦੇ ਵਿਕਾਸ ਲਈ ਗੰਭੀਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸ਼ਹੀਦ ਊਧਮ ਸਿੰਘ ਦੀਆਂ ਯਾਦਗਾਰਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦੇਣਗੇ। ਇਸ ਮੁੱਦੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਹ ਖੁਦ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹੈ ਕਿ ਕੇਂਦਰ ਦੀ ਤਜਵੀਜ਼ ਦੇ ਆਧਾਰ 'ਤੇ ਪੰਜਾਬ ਨੂੰ ਢੁੱਕਵੀਂ ਯੋਜਨਾ ਭੇਜੀ ਜਾਵੇ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਭਾਜਪਾ ਦੇ ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਰਜਤ ਸ਼ਰਮਾ, ਮੋਹਿਤ ਗਰਗ ਆਦਿ ਹਾਜ਼ਰ ਸਨ।