ਪਟਿਆਲਾ : ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਮੁਹੰਮਦ ਇਦਰੀਸ ਦੀ ਇੰਡੀਅਨ ਹਿਸਟਰੀ ਕਾਂਗਰਸ ਸੰਸਥਾ ਦੇ ਕਾਰਜਕਾਰੀ ਮੈਂਬਰ ਵਜੋਂ ਚੋਣ ਹੋਈ ਹੈ। ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵਿਖੇ ਕਾਰਜਸ਼ੀਲ ਪ੍ਰੋ. ਮੁਹੰਮਦ ਇਦਰੀਸ ਵੱਕਾਰੀ ਇੰਡੀਅਨ ਹਿਸਟਰੀ ਕਾਂਗਰਸ ਸੰਸਥਾ ਦੇ ਕਾਰਜਕਾਰੀ ਮੈਂਬਰ ਵਜੋਂ ਚੁਣੇ ਗਏ ਕੁੱਲ 20 ਮੈਂਬਰਾਂ ਵਿੱਚ ਸ਼ਾਮਿਲ ਹੋ ਗਏ ਹਨ। ਉਹ ਤਿੰਨ ਸਾਲ ਲਈ ਕਾਰਜਕਾਰੀ ਮੈਂਬਰ ਬਣੇ ਰਹਿਣਗੇ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ ਇੰਡੀਅਨ ਹਿਸਟਰੀ ਕਾਂਗਰਸ ਦਾ 83ਵਾਂ ਸੈਸ਼ਨ ਸਫਲਤਾਪੂਰਵਕ ਸੰਪੰਨ ਹੋਇਆ ਹੈ ਜਿਸ ਵਿੱਚ ਦੇਸ ਵਿਦੇਸ਼ ਦੇ 1300 ਤੋਂ ਵੱਧ ਮੈਂਬਰਾਂ ਨੇ ਸ਼ਿਰਕਤ ਕੀਤੀ ਸੀ। ਇਸ ਤਿੰਨ ਦਿਨਾ ਸੈਸ਼ਨ ਵਿੱਚ ਪ੍ਰੋਫ਼ੈਸਰ ਇਦਰੀਸ ਨੇ ਸਥਾਨਕ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ ਅਤੇ ਸਮੁੱਚੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਅਹਿਮ ਯੋਗਦਾਨ ਪਾਇਆ।
ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਇਦਰੀਸ ਨੂੰ ਅਧਿਆਪਨ ਖੇਤਰ ਦਾ 22 ਸਾਲ ਤੋਂ ਵੱਧ ਤਜਰਬਾ ਹਾਸਿਲ ਹੈ। ਖੋਜ ਦੇ ਖੇਤਰ ਵਿੱਚ ਉਹ ਪੰਜ ਪੁਸਤਕਾਂ ਲਿਖ ਚੁੱਕੇ ਹਨ। ਇਸ ਤੋਂ ਇਲਾਵਾ ਪੰਜ ਪੁਸਤਕਾਂ ਸੰਪਾਦਿਤ ਵੀ ਕਰ ਚੁੱਕੇ ਹਨ। ਦੋ ਪੁਸਤਕਾਂ ਵਿੱਚ ਸਹਿ-ਲੇਖਕ ਵਜੋਂ ਕੰਮ ਕਰ ਚੁੱਕੇ ਹਨ। ਕੌਮਾਂਤਰੀ ਪੱਧਰ ਦੇ ਰਸਾਲਿਆਂ ਵਿੱਚ ਉਨ੍ਹਾਂ ਦੇ 25 ਖੋਜ ਪੱਤਰ ਛਪ ਚੁੱਕੇ ਹਨ। ਇਸ ਤੋਂ ਇਲਾਵਾ ਸਥਾਨਕ ਅਤੇ ਕੌਮੀ ਪੱਧਰ ਦੇ ਅਖ਼ਬਾਰਾਂ ਵਿੱਚ 250 ਤੋਂ ਵਧੇਰੇ ਆਰਟੀਕਲ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਉਨ੍ਹਾਂ ਨੂੰ ਦੇਸ ਅਤੇ ਵਿਦੇਸ਼ ਤੋਂ ਬਹੁਤ ਸਾਰੇ ਮਾਣ-ਸਨਮਾਨ ਹਾਸਿਲ ਹੋ ਚੁੱਕੇ ਹਨ। ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਦੀਆਂ ਵੱਖ-ਵੱਖ ਵੱਕਾਰੀ ਯੂਨੀਵਰਸਿਟੀਆਂ ਵੱਲੋਂ ਉਨ੍ਹਾਂ ਨੂੰ ਵਿਜ਼ਿਟਿੰਗ ਸਕਾਲਰ ਵਜੋਂ ਸੱਦਾ ਦਿੱਤਾ ਗਿਆ ਹੈ।