ਨਵੀਂ ਦਿੱਲੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜਿਨ੍ਹਾਂ ਕੋਵਿਡ-19 ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਮੋਦੀ ਦੁਆਰਾ ਬੁਲਾਈ ਗਈ ਬੈਠਕ ਵਿਚ ਹਿੱਸਾ ਲਿਆ, ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿਤਾ ਅਤੇ ਗੱਲਬਾਤ ਵਿਚ ਉਨ੍ਹਾਂ ਨੂੰ ਅਪਮਾਨਤ ਕੀਤਾ ਗਿਆ। 10 ਰਾਜਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਮੋਦੀ ਦੀ ਬੈਠਕ, ਜਿਸ ਵਿਚ ਕੁਝ ਮੁੱਖ ਮੰਤਰੀ ਵੀ ਸ਼ਾਮਲ ਹੋਏ, ਦੇ ਬਾਅਦ ਮੀਡੀਆਂ ਨੂੰ ਸੰਬੋਧਤ ਕਰਦਿਆਂ ਮਮਤਾ ਨੇ ਆਖਿਆ, ‘ਇਹ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਨੂੰ ਸੱਦਾ ਦੇਣ ਦੇ ਬਾਅਦ ਉਸ ਨੂੰ ਬੋਲਣ ਨਹੀਂ ਦਿਤਾ ਗਿਆ। ਮੁੱਖ ਮੰਤਰੀ ਮਹਿਜ਼ ਪੁਤਲੇ ਬਣ ਕੇ ਬੈਠੇ ਰਹੇ।’ ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਦੇ ਕੁਝ ਮੁੱਖ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਨੇ ਛੋਟੇ ਛੋਟੇ ਭਾਸ਼ਨ ਦਿਤੇ ਅਤੇ ਇਸ ਦੇ ਬਾਅਦ ਬੈਠਕ ਖ਼ਤਮ ਹੋ ਗਈ। ਉਨ੍ਹਾਂ ਕਿਹਾ, ‘ਅਸੀਂ ਖ਼ੁਦ ਨੂੰ ਅਪਮਾਨਤ ਮਹਿਸੂਸ ਕਰ ਰਹੇ ਹਾਂ।’ ਉਨ੍ਹਾਂ ਨੇ ਟੀਕੇ ਜਾਂ ਰੈਮਡੇਸਿਵਿਰ ਬਾਰੇ ਨਹੀਂ ਪੁਛਿਆ। ਨਾ ਹੀ ਉਨ੍ਹਾਂ ਬਲੈਕ ਫ਼ੰਗਸ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਟੀਕੇ ਦੀ ਕਮੀ ਦਾ ਮੁੱਦਾ ਚੁਕਣਾ ਚਾਹੁੰਦੀ ਸੀ ਪਰ ਉਸ ਨੂੰ ਬੋਲਣ ਹੀ ਨਹੀਂ ਦਿਤਾ ਗਿਆ।