ਪੰਜਾਬ ਸਣੇ ਚੰਡੀਗੜ੍ਹ ਵਿਚ ਵੀ ਠੰਡ ਦਿਨੋ-ਦਿਨ ਵਧਦੀ ਜਾ ਰਹੀ ਹੈ। ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਹੋ ਕੇ ਰਹਿ ਗਈ ਹੈ ਤੇ ਵਧਦੀ ਠੰਡ ਦੇ ਚੱਲਦਿਆਂ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਬੀਤੇ ਦਿਨੀਂ ਧੁੰਦ ਕਾਰਨ ਸੂਰਜ ਨਹੀਂ ਨਿਕਲਿਆ ਜਿਸ ਕਾਰਨ ਦਿਨ ਦੇ ਤਾਪਮਾਨ ਵਿਚ 3.7 ਡਿਗਰੀ ਦੀ ਕਮੀ ਦੇਖਣ ਨੂੰ ਮਿਲੀ।
ਪੰਜਾਬ ਦਾ ਅਧਿਕਤਮ ਤਾਪਮਾਨ ਸਾਧਾਰਨ ਤੋਂ 4.1 ਡਿਗਰੀ ਘੱਟ ਹੈ ਤੇ ਦੂਜੇ ਪਾਸੇ ਚੰਡੀਗੜ੍ਹ ਵਿਚ 3.1 ਡਿਗਰੀ ਦੀ ਕਮੀ ਦੇਖਣ ਨੂੰ ਮਿਲੀ। ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਇਥੇ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹਿ ਸਕਦੀ ਹੈ। ਦੂਜੇ ਪਾਸੇ 8 ਜ਼ਿਲ੍ਹਿਆਂ ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੇ ਬਰਨਾਲਾ ਵਿਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਥੇ ਮੀਂਹ ਦੇ ਨਾਲ-ਨਾਲ ਹਨ੍ਹੇਰੀ ਤੂਫਾਨ ਦੇ ਵੀ ਆਸਾਨ ਹਨ।
ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਨੇ ਠੰਡ ਤੇ ਧੁੰਦ ਕਰਕੇ ਸਕੂਲਾਂ ਦੇ ਸਮੇਂ ਵਿਚ ਬਦਲਾਅ ਦਾ ਹੁਕਮ ਜਾਰੀ ਕੀਤਾ ਹੈ। ਇਹ ਬਦਲਾਅ 13 ਜਨਵਰੀ ਤੋਂ 18 ਜਨਵਰੀ ਤੱਕ ਲਾਗੂ ਰਹੇਗਾ। ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਸਿੰਗਲ ਸ਼ਿਫਟ ਵਾਲੀਆਂ ਕਲਾਸਾਂ ਦੇ ਵਿਦਿਆਰਥੀਆਂ ਦਾ ਸਮਾਂ ਸਵੇਰੇ 9.30 ਵਜੇ ਤੋਂ ਦੁਪਹਿਰ 2.30 ਵਜੇ ਤਕ ਨਿਰਧਾਰਤ ਕੀਤਾ ਗਿਆ ਹੈ ਜਦ ਕਿ ਡਬਲ ਸ਼ਿਫਟ ਸਕੂਲਾਂ ਵਿਚ 6ਵੀਂ ਕਲਾਸ ਤੇ ਉਸ ਤੋਂ ਉਪਰ ਦੀਆਂ ਕਲਾਸਾਂ ਦਾ ਸਮਾਂ ਵੀ ਇਹੀ ਰਹੇਗਾ। ਪਹਿਲੀ ਤੋਂ ਪੰਜਵੀਂ ਕਲਾਸ ਲਈ ਦੁਪਹਿਰ 12.30 ਵਜੇ ਤੋਂ 3.30ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ।