ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੌਰਾਨ ਸਾਹਮਣੇ ਆਈ ਬਲੈਕ ਫ਼ੰਗਸ ਬੀਮਾਰੀ ਹੁਣ ਕੇਂਦਰ ਲਈ ਵੱਡੀ ਮੁਸੀਬਤ ਬਣ ਗਈ ਹੈ। ਕੇਂਦਰ ਸਰਕਾਰ ਨੇ ਸਾਰੇ ਰਾਜਾਂ ਨੂੰ ਪੱਤਰ ਲਿਖ ਕੇ ਬਲੈਕ ਫ਼ੰਗਸ ਲਈ ਅਲਰਟ ਕੀਤਾ ਹੈ। ਨਾਲ ਹੀ ਸਾਰੇ ਰਾਜਾਂ ਸਰਕਾਰ ਨੂੰ ਇਸ ਮਹਾਂਮਾਰੀ ਐਕਟ ਤਹਿਤ ਨੋਟਏਬਲ ਡਿਜੀਜ਼ ਐਲਾਨਣ ਲਈ ਕਿਹਾ ਹੈ। ਯਾਨੀ ਰਾਜਾਂ ਨੂੰ ਬਲੈਕ ਫ਼ੰਗਸ ਦੇ ਕੇਸ, ਮੌਤਾਂ, ਇਲਾਜ ਅਤੇ ਦਵਾਈਆਂ ਦਾ ਹਿਸਾਬ ਰਖਣਾ ਪਵੇਗਾ। ਰਾਜਸਥਾਨ, ਹਰਿਆਣਾ, ਤੇਲੰਗਾਨਾ, ਪੰਜਾਬ ਅਤੇ ਤਾਮਿਲਨਾਡੂ ਇਸ ਨੂੰ ਪਹਿਲਾਂ ਹੀ ਮਹਾਂਮਾਰੀ ਐਲਾਨ ਚੁੱਕੇ ਹਨ। ਦਿੱਲੀ ਵਿਚ ਵੀ ਇਸ ਦੇ ਮਰੀਜ਼ਾਂ ਦੇ ਇਲਾਜ ਲਈ ਅਲੱਗ ਕੇਂਦਰ ਬਣਾਏ ਜਾ ਰਹੇ ਹਨ। ਸਿਹਤ ਮੰਤਰਾਲੇ ਦੇ ਜੁਆਇੰਟਨ ਸਕੱਤਰ ਲਵ ਅਗਰਵਾਲ ਨੇ ਰਾਜਾਂ ਨੂੰ ਕਿਹਾ ਕਿ ਬਲੈਕ ਫ਼ੰਗਸ ਇਨਫ਼ੈਕਸ਼ਨ ਦੇ ਕੇਸ ਬਹੁਤ ਜ਼ਿਆਦਾ ਵੱਧ ਰਹੇ ਹਨ ਅਤੇ ਇਸ ਨਾਲ ਕੋਵਿਡ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਛੀ ਵੀ ਵੱਧ ਰਹੀ ਹੈ। ਸਾਡੇ ਸਾਹਮਣੇ ਇਹ ਨਵੀਂ ਚੁਨੌਤੀ ਹੈ। ਇਸ ਬੀਮਾਰੀ ਦਾ ਇਲਾਜ ਕਈ ਮੋਰਚਿਆਂ ’ਤੇ ਕਰਨਾ ਪੈਂਦਾ ਹੈ। ਕਿਹਾ ਗਿਆ ਹੈ ਕਿ ਬਲੈਕ ਫ਼ੰਗਸ ਦੇ ਸਾਰੇ ਮਾਮਲਿਆਂ ਦੀ ਰੀਪੋਰਟ ਜ਼ਿਲ੍ਹਾ ਪੱਧਰ ’ਤੇ ਚੀਫ਼ ਮੈਡੀਕਲ ਅਫ਼ਸਰ ਨੂੰ ਦਿਤੀ ਜਾਵੇ।