ਗਾਜ਼ਾ ਪੱਟੀ : ਇਜ਼ਰਾਇਲ ਨੇ ਤੜਕੇ ਗਾਜ਼ਾ ਪੱਟੀ ਵਿਚ ਕਈ ਹਵਾਈ ਹਮਲੇ ਕੀਤੇ ਜਿਸ ਵਿਚ ਘੱਟੋ ਘੱਟ ਇਕ ਫ਼ਲਸਤੀਨੀ ਮਾਰਿਆ ਗਿਆ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਤਾਜ਼ਾ ਹਮਲੇ ਤਦ ਹੋਏ ਹਨ ਜਦ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਗਾਜ਼ਾ ਦੇ ਖਾੜਕੂ ਹਮਾਸ ਸ਼ਾਸਕਾਂ ਵਿਰੁਧ ਹਮਲੇ ਘਟਾਉਣ ਦੇ ਅਮਰੀਕੀ ਦਬਾਅ ਹੇਠ ਝੁਕਣ ਤੋਂ ਇਨਕਾਰ ਕਰ ਦਿਤਾ। ਹਮਾਸ ਨੇ ਇਜ਼ਰਾਇਲ ਵਿਚ ਹਜ਼ਾਰਾਂ ਰਾਕੇਟ ਸੁੱਟੇ ਹਨ। ਇਜ਼ਰਾਇਲੀ ਫ਼ੌਜ ਨੇ ਦਸਿਆ ਕਿ ਉਸ ਨੇ ਹਮਾਸ ਕਮਾਂਡਰਾਂ ਦੇ ਘੱਟ ਤੋਂ ਘੱਟ ਚਾਰ ਮਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਨਾਲ ਹੀ ‘ਫ਼ੌਜੀ ਢਾਂਚੇ’ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਜ਼ਰਾਇਲ ਦੇ ਹਵਾਈ ਹਮਲੇ ਵਿਚ ਖ਼ਾਨ ਯੁਨੂਸ ਵਿਚ ਖਾਵਾਲਦੀ ਪਰਵਾਰ ਦਾ ਦੋ ਮੰਜ਼ਿਲਾ ਮਕਾਨ ਢਹਿ ਗਿਆ। ਉਸ ਵਿਚ ਰਹਿ ਰਹੇ 11 ਜਣੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਇਜ਼ਰਾਇਲ ਅਤੇ ਫ਼ਲਸਤੀਨ ਵਿਚਾਲੇ ਪਿਛਲੇ 10 ਦਿਨਾਂ ਤੋਂ ਭਿਆਨਕ ਲੜਾਈ ਚੱਲ ਰਹੀ ਹੈ। ਫ਼ਲਸਤੀਨ ਦੇ ਲੋਕ ਇਜ਼ਰਾਇਲੀਆਂ ਨੂੰ ਹਰ ਕੀਮਤ ’ਤੇ ਅਪਣੇ ਦੇਸ਼ ਵਿਚੋਂ ਖਦੇੜਨਾ ਚਾਹੁੰਦੇ ਹਨ।