ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਤਹਿਸੀਲ ਕੰਪਲੈਕਸ ਫ਼ਰੀਦਕੋਟ ਵਿਖੇ ਕੰਮ ਕਰਦਾ ਵਸੀਕਾ ਨਵੀਸ ਡਿਪਟੀ ਸਿੰਘ ਨੂੰ ਤਹਿਸੀਲਦਾਰ ਦੇ ਨਾਮ 'ਤੇ ਦੂਜੀ ਕਿਸ਼ਤ ਵਜੋਂ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਰਮਜੀਤ ਸਿੰਘ ਵਾਸੀ ਪਿੰਡ ਟਹਿਣਾ, ਜ਼ਿਲ੍ਹਾ ਫ਼ਰੀਦਕੋਟ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸਨੇ ਆਪਣੀ ਮਾਂ ਦੇ ਨਾਮ 'ਤੇ ਪਿੰਡ ਟਹਿਣਾ ਵਿਖੇ ਜ਼ਮੀਨ ਖ਼ਰੀਦੀ ਹੈ ਅਤੇ ਇਸ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਲਿਖਵਾਉਣ ਲਈ ਉਹ ਉਕਤ ਜਾਣਕਾਰ ਵਸੀਕਾ ਨਵੀਸ ਨੂੰ ਮਿਲਿਆ, ਜਿਸਨੇ ਇਹ ਰਜਿਸਟਰੀ ਕਰਵਾਉਣ ਲਈ ਤਹਿਸੀਲ ਦੇ ਅਧਿਕਾਰੀ/ਕਰਮਚਾਰੀਆਂ ਨੂੰ ਪੈਸੇ ਦੇਣ ਦੀ ਗੱਲ ਆਖ ਕੇ 20000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਤਹਿਸੀਲਦਾਰ ਫ਼ਰੀਦਕੋਟ ਦੇ ਦਫ਼ਤਰ ਵਿੱਚ ਦਸਤਾਵੇਜ਼ ਜਮ੍ਹਾਂ ਕਰਵਾਉਣ ਉਪਰੰਤ ਉਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਗੂਗਲ ਪੇਅ ਰਾਹੀਂ ਰਿਸ਼ਵਤ ਦੀ ਰਕਮ ਦੇਣ ਲਈ ਕਿਹਾ ਅਤੇ ਸ਼ਿਕਾਇਤਕਰਤਾ ਨੇ 15000 ਰੁਪਏ ਪਾ ਦਿੱਤੇ। ਹੁਣ ਮੁਲਜ਼ਮ ਸ਼ਿਕਾਇਤਕਰਤਾ ਤੋਂ ਬਾਕੀ ਰਹਿੰਦੀ ਰਕਮ 5000 ਰੁਪਏ ਦੀ ਮੰਗ ਕਰ ਰਿਹਾ ਸੀ, ਜਿਸ ਲਈ ਉਕਤ ਵਸੀਕਾ ਨਵੀਸ ਨਾਲ ਰਿਸ਼ਵਤ ਦੇਣ ਸਬੰਧੀ ਗੱਲਬਾਤ ਆਪਣੇ ਫੋਨ 'ਤੇ ਰਿਕਾਰਡ ਕਰ ਲਈ ਅਤੇ ਇਹ ਸਬੂਤ ਵਜੋਂ ਵਿਜੀਲੈਂਸ ਬਿਊਰੋ ਅੱਗੇ ਪੇਸ਼ ਕੀਤੀ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਡਿਪਟੀ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਵਜੋਂ 5000 ਰੁਪਏ ਦੀ ਦੂਜੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਉਕਤ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।