ਦੇਹਰਾਦੂਨ : ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਚਿਪਕੋ ਅੰਦੋਲਨ ਆਗੂ ਸੁੰਦਰ ਲਾਲ ਬਹੁਗੁਣਾ ਦਾ ਸ਼ੁਕਰਵਾਰ ਨੂੰ ਏਮਜ਼, ਰਿਸ਼ੀਕੇਸ਼ ਵਿਚ ਕੋਵਿਡ-19 ਕਾਰਨ ਦਿਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਉਨ੍ਹਾਂ ਦੇ ਪਰਵਾਰ ਵਿਚ ਪਤਨੀ ਬਿਮਲਾ, ਦੋ ਪੁੱਤਰ ਅਤੇ ਇਕ ਪੁੱਤਰੀ ਹਨ। ਕੋਰੋਨਾ ਤੋਂ ਪੀੜਤ ਹੋਣ ਮਗਰੋਂ ਅੱਠ ਮਈ ਨੂੰ ਉਨ੍ਹਾਂ ਨੂੰ ਏਮਜ਼ ਵਿਚ ਦਾਖ਼ਲ ਕਰਾਇਆ ਗਿਆ ਸੀ। ਆਕਸੀਜਨ ਪੱਧਰ ਘੱਟ ਹੋਣ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। 9 ਜਨਵਰੀ 1927 ਨੂੰ ਟਿਹਰੀ ਜ਼ਿਲ੍ਹੇ ਵਿਚ ਜਨਮੇ ਬਹੁਗੁਣਾ ਨੂੰ ਚਿਪਕੋ ਅੰਦੋਲਨ ਦਾ ਮੋਢੀ ਮੰਨਿਆ ਜਾਂਦਾ ਹੈ। ਉਨ੍ਹਾਂ ਸਤਰਵਿਆਂ ਵਿਚ ਗੌਰਾ ਦੇਵੀ ਅਤੇ ਕਈ ਹੋਰ ਲੋਕਾਂ ਨਾਲ ਮਿਲ ਕੇ ਜੰਗਲ ਬਚਾਉਣ ਲਈ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਪਦਮ ਭੂਸ਼ਣ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਤ ਬਹੁਗੁਣਾ ਨੇ ਟਿਹਰੀ ਬੰਨ੍ਹ ਨਿਰਮਾਣ ਦਾ ਤਿੱਖਾ ਵਿਰੋਧ ਕੀਤਾ ਅਤੇ 84 ਦਿਨ ਲੰਮਾ ਵਰਤ ਰਖਿਆ ਸੀ। ਇਕ ਵਾਰ ਉਨ੍ਹਾਂ ਅਪਣੇ ਵਾਲ ਵੀ ਕਟਵਾ ਦਿਤੇ ਸਨ। ਉਨ੍ਹਾਂ ਦਾ ਅਪਣਾ ਘਰ ਵੀ ਟਿਹਰੀ ਬੰਨ੍ਹ ਦੇ ਤਲਾਬ ਵਿਚ ਡੁੱਬ ਗਿਆ ਸੀ। ਟਿਹਰੀ ਰਾਜਾਸ਼ਾਹੀ ਦਾ ਵਿਰੋਧ ਕਰਨ ਕਰਕੇ ਉਨ੍ਹਾਂ ਨੂੰ ਜੇਲ ਵੀ ਜਾਣਾ ਪਿਆ। ਉਹ ਆਰਐਸਐਸ ਦੇ ਕੱਟੜ ਵਿਰੋਧੀ ਸਨ। ਬਹੁਗੁਣਾ ਨੇ ਹਿਮਾਲਿਆ ਅਤੇ ਵਾਤਾਵਰਣ ਦੀ ਰਾਖੀ ਲਈ ਜਾਗਰੂਕਤਾ ਫੈਲਾਉਣ ਹਿੱਤ ਕਈ ਯਾਤਰਾਵਾਂ ਕੀਤੀਆਂ।