ਵਾਰਾਣਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਬਲੈਕ ਫ਼ੰਗਸ’ ਨੂੰ ਕੋਵਿਡ ਵਿਰੁਧ ਲੜਾਈ ਵਿਚ ਨਵੀਂ ਚੁਨੌਤੀ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਿੱਝਣ ਲਈ ਜ਼ਰੂਰੀ ਸਾਵਧਾਨੀ ਅਤੇ ਵਿਵਸਥਾ ’ਤੇ ਧਿਆਨ ਦੇਣਾ ਜ਼ਰੂਰੀ ਹੈ। ਅਪਣੇ ਸੰਸਦੀ ਖੇਤਰ ਵਾਰਾਣਸੀ ਦੇ ਡਾਕਟਰਾਂ, ਸਫ਼ਾਈ ਸੇਵਕਾਂ ਅਤੇ ਅਗਲੇ ਮੋਰਚਿਆਂ ’ਤੇ ਡਟੇ ਹੋਏ ਹੋਰ ਕਾਮਿਆਂ ਨਾਲ ਗੱਲਬਾਤ ਕਰਨ ਮਗਰੋਂ ਮੋਦੀ ਨੇ ਕਿਹਾ ਕਿ ਕੋਰੋਨਾ ਵਿਰੁਧ ਲੜਾਈ ਵਿਚ ਸਾਂਝੇ ਯਤਨਾਂ ਨਾਲ ਸਥਿਤੀ ਨੂੰ ਸੰਭਾਲਣ ਵਿਚ ਕਾਫ਼ੀ ਹੱਦ ਤਕ ਮਦਦ ਮਿਲੀ ਹੈ ਪਰ ਇਹ ਤਸੱਲੀ ਦਾ ਸਮਾਂ ਨਹੀਂ ਅਤੇ ਲੰਮੀ ਲੜਾਈ ਲੜਨੀ ਹੈ। ਪੇਂਡੂ ਖੇਤਰਾਂ ਵਿਚ ਕੋਰੋਨਾ ਲਾਗ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨੇ ‘ਜਹਾਂ ਬੀਮਾਰ, ਵਹੀਂ ਉਪਚਾਰ’ ਦਾ ਨਾਹਰਾ ਦਿਤਾ ਅਤੇ ਛੋਟੇ ਛੋਟੇ ਪਾਬੰਦੀ ਵਾਲੇ ਖੇਤਰ ਬਣਾ ਕੇ ਕੰਮ ਕਰਨ ’ਤੇ ਜ਼ੋਰ ਦਿਤਾ। ਉਨ੍ਹਾਂ ਮਹਾਂਮਾਰੀ ਕਾਰਨ ਜਾਨ ਗਵਾਉਣ ਵਾਲੇ ਕਾਸ਼ੀ ਖੇਤਰ ਦੇ ਲੋਕਾਂ ਨੂੰ ਸ਼ਰਧਾਂਜਲੀ ਦਿਤੀ ਅਤੇ ਥੋੜੀ ਦੇਰ ਲਈ ਭਾਵੁਕ ਵੀ ਹੋ ਗਏ। ਉਨ੍ਹਾਂ ਕਿਹਾ ਕਿ ਟੀਕੇ ਦੀ ਸੁਰੱਖਿਆ ਕਾਰਨ ਅਗਲੇ ਮੋਰਚੇ ’ਤੇ ਤੈਨਾਤ ਮੁਲਾਜ਼ਮ ਸੁਰੱਖਿਅਤ ਰਹਿ ਕੇ ਲੋਕਾਂ ਦੀ ਸੇਵਾ ਕਰ ਸਕੇ ਹਨ। ਇਹ ਸੁਰੱਖਿਆ ਹਰ ਵਿਅਕਤੀ ਤਕ ਪਹੁੰਚੇਗਾ।