ਸੁਨਾਮ : ਗਣਤੰਤਰ ਦਿਵਸ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਭੰਨਤੋੜ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਮੰਡਲ ਸੁਨਾਮ ਵੱਲੋਂ ਪ੍ਰਧਾਨ ਰਾਜੀਵ ਕੁਮਾਰ ਮੱਖਣ ਦੀ ਅਗਵਾਈ ਹੇਠ ਸੂਬੇ ਦੀ ਭਗਵੰਤ ਮਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਮੰਗਲਵਾਰ ਨੂੰ ਸੁਨਾਮ ਵਿਖੇ ਭਾਜਪਾ ਹਾਈਕਮਾਨ ਦੇ ਸੱਦੇ ਤਹਿਤ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਨਜ਼ਦੀਕ ਕੀਤੇ ਪ੍ਰਦਰਸ਼ਨ ਮੌਕੇ ਬੋਲਦਿਆਂ ਭਾਜਪਾ ਦੇ ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਸੀਨੀਅਰ ਆਗੂ ਪ੍ਰੇਮ ਗੁਗਨਾਨੀ, ਡਾਕਟਰ ਜਗਮਹਿੰਦਰ ਸੈਣੀ ਅਤੇ ਰਾਕੇਸ਼ ਕੁਮਾਰ ਟੋਨੀ ਨੇ ਕਿਹਾ ਕਿ ਸੂਬੇ ਅੰਦਰ ਗਣਤੰਤਰ ਦਿਵਸ ਮੌਕੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਭੰਨਤੋੜ ਭਗਵੰਤ ਮਾਨ ਸਰਕਾਰ ਦੀ ਨਾਅਹਿਲੀਅਤ ਸਪਸ਼ਟ ਤੌਰ ਤੇ ਜ਼ਾਹਿਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਲੇਕਿਨ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਆਪਣੇ ਆਕਾ ਦੀ ਖੁੱਸ ਰਹੀ ਰਾਜਸੀ ਜ਼ਮੀਨ ਬਚਾਉਣ ਲਈ ਦਿੱਲੀ ਵਿੱਚ ਹਾਰੀ ਹੋਈ ਲੜਾਈ ਲੜ ਰਹੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਪੰਜਾਬ ਅਤੇ ਪੰਜਾਬੀਆਂ ਦੇ ਮਸਲਿਆਂ ਲਈ ਗੰਭੀਰ ਹੋਵੇ, ਰਾਜ ਅੰਦਰ ਨਿੱਤ ਦਿਨ ਕਤਲ, ਡਕੈਤੀ ਅਤੇ ਲੁੱਟ ਖਸੁੱਟ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਮੌਕੇ ਭਾਜਪਾ ਜ਼ਿਲ੍ਹਾ ਸੰਗਰੂਰ -2 ਦੇ ਪ੍ਰਧਾਨ ਅੰਮ੍ਰਿਤਰਾਜਦੀਪ ਸਿੰਘ ਚੱਠਾ, ਸੰਜੀਵ ਕੁਮਾਰ ਕੱਪੜੇ ਵਾਲੇ, ਰਾਜਿੰਦਰ ਬਿੱਟੂ, ਅੰਕਿਤ ਕਾਂਸਲ, ਦਿਨੇਸ਼ ਕੁਮਾਰ, ਗਿਆਨ ਚੰਦ ਗੁਪਤਾ ਆਦਿ ਹਾਜ਼ਰ ਸਨ।