ਮੋਹਾਲੀ : ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਤਪਦਿਕ ਦੇ ਮਰੀਜ਼ਾਂ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਨਿਕਸ਼ੇ ਮਿੱਤਰਾ’ ਪ੍ਰੋਗਰਾਮ ਤਹਿਤ ਕੋਈ ਵੀ ਪ੍ਰਾਈਵੇਟ ਵਿਅਕਤੀ, ਚੁਣਿਆ ਹੋਇਆ ਪ੍ਰਤੀਨਿਧੀ, ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾ ਦੇ ਮੁਲਾਜ਼ਮ, ਕੋਈ ਵੀ ਸੰਸਥਾ, ਕਾਰਪੋਰੇਸ਼ਨ ਜਾਂ ਕੰਪਨੀ ਜ਼ਿਲ੍ਹੇ ਦੇ ਕਿਸੇ ਵੀ ਟੀ.ਬੀ. ਮਰੀਜ਼ ਨੂੰ ਗੋਦ ਲੈ ਸਕਦੇ ਹਨ, ਜਿਸ ਤਹਿਤ ਉਹ ਮਰੀਜ਼ਾਂ ਨੂੰ 6 ਮਹੀਨੇ ਤਕ ਅਪਣੇ ਖ਼ਰਚੇ ’ਤੇ ਖਾਣ-ਪੀਣ ਦਾ ਸਮਾਨ ਜਿਵੇਂ ਦਾਲਾਂ, ਅਨਾਜ, ਤੇਲ, ਦੁੱਧ ਆਦਿ ਮੁਹਈਆ ਕਰਵਾਉਣਗੇ।
ਡਾ. ਸੰਗੀਤਾ ਜੈਨ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਨਵਦੀਪ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਤਪਦਿਕ ਦੀ ਬੀਮਾਰੀ ਦਾ ਮੁਕੰਮਲ ਖ਼ਾਤਮਾ ਕਰਨਾ ਹੈ, ਜਿਸ ਲਈ ਸਿਵਲ ਸੁਸਾਇਟੀ ਦਾ ਸਹਿਯੋਗ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਅਦਾਰਾ ਤਪਦਿਕ ਦੇ ਮਰੀਜ਼ਾਂ ਨੂੰ ਅਪਣਾਅ ਕੇ ਉਨ੍ਹਾਂ ਦੀਆਂ ਖ਼ੁਰਾਕੀ ਲੋੜਾਂ ਤੇ ਹੋਰ ਤਰੀਕਿਆਂ ਨਾਲ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਅਪਣੇ ਵਲੋਂ ਵੱਡੇ ਯਤਨ ਕਰ ਰਹੀ ਹੈ ਪਰ ਇਸ ਪ੍ਰੋਗਰਾਮ ਦਾ ਮਕਸਦ ਟੀ.ਬੀ. ਮੁਕਤ ਮੁਹਿੰਮ ਨੂੰ ਲੋਕ ਲਹਿਰ ਬਣਾਉਣਾ ਹੈ।
ਇਸ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਦਸਦਿਆਂ ਸਿਵਲ ਸਰਜਨ ਨੇ ਕਿਹਾ ਕਿ ਮਰੀਜ਼ ਨੂੰ ਪੌਸ਼ਟਿਕ ਖ਼ੁਰਾਕ ਦੇਣ ਤੋਂ ਇਲਾਵਾ ਉਸ ਦੀ ਜਾਂ ਉਸ ਦੇ ਪਰਵਾਰਕ ਜੀਆਂ ਦੀ ਕਿੱਤਾਮੁਖੀ ਸਿਖਲਾਈ, ਨੌਕਰੀ ਦਿਵਾਉਣ ਤੇ ਇਲਾਜ ਪ੍ਰਬੰਧਨ ਵਿਚ ਵੀ ਮਦਦ ਕੀਤੀ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਜੋ ਕੋਈ ਵੀ ਟੀ.ਬੀ. ਦੇ ਮਰੀਜ਼ਾਂ ਨੂੰ ਅਪਣਾਏਗਾ, ਉਸ ਲਈ ਮਰੀਜ਼ਾਂ ਨੂੰ ਘੱਟੋ ਘੱਟ ਇਕ ਸਾਲ ਲਈ ਅਪਣਾਉਣਾ ਪਵੇਗਾ ਤੇ 6 ਮਹੀਨੇ ਲਈ ਉਸ ਨੂੰ ਸੁਝਾਈਆਂ ਗਈਆਂ ਖ਼ੁਰਾਕੀ ਵਸਤਾਂ ਮੁਹਈਆ ਕਰਵਾਉਣੀਆਂ ਪੈਣਗੀਆਂ। ਅਜਿਹੇ ਦਾਨੀ ਵਿਅਕਤੀਆਂ ਜਾਂ ਸੰਸਥਾਵਾਂ ਨੂੰ ‘ਨਿਕਸ਼ੇ ਮਿੱਤਰ’ ਦਾ ਨਾਮ ਦਿਤਾ ਜਾਵੇਗਾ। ਇਕ ਵਿਅਕਤੀ ਜਾਂ ਅਦਾਰਾ ਇਕ ਜਾਂ ਇਕ ਤੋਂ ਵੱਧ ਜਿੰਨੇ ਮਰਜ਼ੀ ਟੀ.ਬੀ. ਰੋਗੀਆਂ ਨੂੰ ਅਪਣਾ ਸਕਦਾ ਹੈ।
ਸਿਵਲ ਸਰਜਨ ਨੇ ਦਸਿਆ ਕਿ ਕੋਈ ਵੀ ਚਾਹਵਾਨ ਵਿਅਕਤੀ ਜਾਂ ਅਦਾਰਾ www.nikshay.in ’ਤੇ ਲਾਗ ਇਨ ਕਰ ਕੇ ਨਿਕਸ਼ੇ ਮਿੱਤਰਾ ਰਜਿਸਟਰੇਸ਼ਨ ਫ਼ਾਰਮ ’ਤੇ ਪੰਜੀਕਰਣ ਕਰ ਸਕਦਾ ਹੈ। ਇਸ ਪੋਰਟਲ ’ਤੇ ਅਪਣੀ ਸਹੂਲਤ ਮੁਤਾਬਕ ਟੀ.ਬੀ. ਦੇ ਮਰੀਜ਼ਾਂ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਜਾਂ ਪੰਜੀਕਰਣ ਫ਼ਾਰਮ ਭਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਦੇ ਟੀ.ਬੀ. ਅਧਿਕਾਰੀ ਨਾਲ ਮੋਬਾਈਲ ਫ਼ੋਨ ਨੰਬਰ 79730 24849 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਾ. ਸੰਗੀਤਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਮੋਹਾਲੀ ਵਿਚ ਭਾਰੀ ਗਿਣਤੀ ਵਿਚ ਕਾਰੋਬਾਰੀ ਅਦਾਰੇ ਹਨ ਜਿਹੜੇ ਇਸ ਨੇਕ ਕਾਰਜ ਵਿਚ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਟੀ.ਬੀ. ਦੇ ਮਰੀਜ਼ਾਂ ਦੇ ਨਿਕਸ਼ੇ ਮਿੱਤਰ ਬਣ ਕੇ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨ।
ਫ਼ੋਟੋ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸੰਗੀਤਾ ਜੈਨ।