ਸੁਨਾਮ : ਕਿਸਾਨੀ ਮੰਗਾਂ ਦੀ ਪੂਰਤੀ ਲਈ ਖਨੌਰੀ, ਸ਼ੰਭੂ ਅਤੇ ਰਤਨਪੁਰਾ ਬਾਰਡਰਾਂ ਤੇ ਚੱਲ ਰਹੇ ਮੋਰਚਿਆਂ ਦਾ ਇੱਕ ਵਰ੍ਹਾ ਪੂਰਾ ਹੋਣ ਮੌਕੇ 12 ਅਤੇ 13 ਫ਼ਰਵਰੀ ਨੂੰ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਕੀਤੀਆਂ ਜਾ ਰਹੀਆਂ ਕਿਸਾਨ ਮਹਾਂ ਪੰਚਾਇਤਾਂ ਵਿੱਚ ਵੱਡੇ ਇਕੱਠ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਐਤਵਾਰ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਨਮੋਲ ਵਿਖੇ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਿਛਲੇ ਸਾਲ 13 ਫਰਵਰੀ ਤੋਂ ਹਰਿਆਣੇ ਦੀਆਂ ਸਰਹੱਦਾਂ ਸ਼ੰਭੂ, ਖਨੌਰੀ ਅਤੇ ਰਤਨਪੁਰਾ ਵਿਖੇ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਕਿਸਾਨਾਂ ਦੀਆਂ ਤਮਾਮ ਮੰਗਾਂ ਨੂੰ ਲੈਕੇ ਮੋਰਚਾ ਚੱਲ ਰਿਹਾ ਹੈ ਇੱਕ ਪੂਰਾ ਸਾਲ ਹੋਣ ਤੇ ਮੋਦੀ ਹਕੂਮਤ ਨੂੰ 12 ਫਰਵਰੀ ਨੂੰ ਖਨੌਰੀ ਬਾਰਡਰ ਤੇ 13 ਨੂੰ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਕਰਕੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਵੇਗੀ ਕਿ ਕਿਸਾਨ ਨਾ ਕਦੇ ਅੱਕੇ ਅਤੇ ਨਾ ਕਦੇ ਥੱਕੇ ਹਨ, ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਦੀ ਪੂਰਤੀ ਤੱਕ ਮੋਰਚਾ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਆਗੂ ਹੈਪੀ ਨਮੋਲ ਨੇ ਕਿਹਾ ਹੈ ਕਿ ਤੇਲ ਕੰਪਨੀ ਵੱਲੋਂ ਪਾਈ ਜਾ ਰਹੀ ਪਾਈਪ ਲਾਈਨ ਨੂੰ ਨਹੀਂ ਪਾਉਣ ਦਿੱਤਾ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਮੈਦੇਵਾਸ,ਸੰਤਰਾਮ ਛਾਜਲੀ, ਹਰਦੇਵ ਸਿੰਘ ਕੁਲਾਰ, ਸੁਖਦੇਵ ਸ਼ਰਮਾ ਭੁਟਾਲ, ਰਾਜ ਥੇੜੀ, ਮੱਖਣ ਪਾਪੜਾ, ਲੀਲਾ ਚੋਟੀਆਂ, ਬੱਬੂ ਮੂਨਕ, ਬੂਟਾ ਸਿੰਘ ਝਾੜੋਂ, ਬਲਵਿੰਦਰ ਸਿੰਘ ਲੱਖੇਵਾਲ ਆਦਿ ਹਾਜ਼ਰ ਸਨ।