ਦਾਅਵੇ ਤੇ ਇਤਰਾਜ਼ ਐੱਸ ਡੀ ਐੱਮ ਦਫਤਰਾਂ ਵਿੱਚ ਹੀ ਲਏ ਜਾਣਗੇ
14 ਅਤੇ 15 ਫਰਵਰੀ ਨੂੰ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ-2025 ਦੀ ਤਿਆਰੀ ਵਜੋਂ ਵੋਟਰ ਸੂਚੀਆਂ ਤਿਆਰ ਕਰਨ ਲਈ ਜਾਰੀ ਸ਼ਡਿਊਲ ਦੀ ਲਗਾਤਾਰਤਾ ਵਿੱਚ ਕਲ੍ਹ ਜ਼ਿਲ੍ਹੇ ਦੇ ਐੱਸ ਡੀ ਐੱਮ ਦਫਤਰਾਂ ਅਤੇ ਬੀ ਡੀ ਪੀ ਓ ਦਫਤਰਾਂ ਵਿੱਚ ਵੋਟਰ ਸੂਚੀਆਂ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ ਤਾਂ ਜੋ ਲੋਕ ਇਨ੍ਹਾਂ ਵੋਟਰ ਸੂਚੀਆਂ ਨੂੰ ਦੇਖ ਕੇ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਣ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ, ਸ਼੍ਰੀਮਤੀ ਸੋਨਮ ਚੌਧਰੀ ਨੇ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਦਾਅਵੇ ਪੇਸ਼ ਕਰਨ ਜਾਂ ਮੌਜੂਦਾ ਵੋਟ ਚ ਦਰੁਸਤੀ ਕਰਵਾਉਣ ਜਾਂ ਕਿਸੇ ਵੋਟ ਤੇ ਇਤਰਾਜ਼ ਦਾਇਰ ਕਰਨ ਦੀ ਮਿਤੀ 11 ਤੋਂ 18 ਫ਼ਰਵਰੀ ਨੀਯਤ ਕੀਤੀ ਗਈ ਹੈ। ਦਾਅਵੇ ਅਤੇ ਇਤਰਾਜ਼ ਕੇਵਲ ਸਬੰਧਤ ਐੱਸ ਡੀ ਐੱਮ ਦਫਤਰਾਂ ਵਿੱਚ ਹੀ ਲਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ 14 ਫਰਵਰੀ 2025, ਦਿਨ ਸ਼ੁਕਰਵਾਰ ਅਤੇ 15 ਫਰਵਰੀ 2025, ਦਿਨ ਸ਼ਨੀਵਾਰ ਨੂੰ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ ਅਤੇ ਵੱਧ ਤੋਂ ਵੱਧ ਯੋਗ ਵਿਅਕਤੀਆਂ ਪਾਸੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ 'ਡਰਾਫਟ ਵੋਟਰ ਰੋਲ' ਦੀ ਕਲ੍ਹ ਕੀਤੀ ਗਈ ਪ੍ਰਕਾਸ਼ਨਾ ਉਪਰੰਤ 11 ਫਰਵਰੀ ਤੋਂ 18 ਫਰਵਰੀ ਤੱਕ ਪ੍ਰਾਪਤ ਦਾਅਵਿਆਂ/ਇਤਰਾਜ਼ਾਂ ਦਾ ਮਿਤੀ 27 ਫਰਵਰੀ ਤੱਕ ਨਿਪਟਾਰਾ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ (ਫਾਈਨਲ) ਪ੍ਰਕਾਸ਼ਨਾ 03 ਮਾਰਚ 2025 ਨੂੰ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਪਿੰਡਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਾਅਵੇ ਅਤੇ ਇਤਰਾਜ਼ ਮਿੱਥੇ ਸਮੇਂ ਚ ਜਮ੍ਹਾਂ ਕਰਵਾਉਣ ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ।