ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਨਾਲ ਨਾਲ ਹੁਣ ਬਲੈਕ ਫ਼ੰਗਸ ਦੇ ਕੇਸ ਵੀ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਭਾਰਤ 'ਚ ਹੁਣ ਤਕ 8848 Black Fungus ਦੇ ਮਾਮਲੇ ਸਾਹਮਣੇ ਆਏ ਹਨ। ਇਹ ਫੰਗਸ ਕੋਵਿਡ-19 ਤੋਂ ਠੀਕ ਹੋਣ ਵਾਲਿਆਂ 'ਚ ਤੇਜ਼ੀ ਨਾਲ ਫੈਲਣ ਵਾਲੀਆਂ ਇਨਫੈਕਸ਼ਨਾਂ 'ਚੋਂ ਇਕ ਹੈ। ਇਸ ਇਨਫੈਕਸ਼ਨ ਦੀ ਵਧਦੀ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ, ਕੇਂਦਰ ਸਰਕਾਰ ਨੇ ਬਲੈਕ ਫੰਗਸ ਦੇ ਇਲਾਜ ਲਈ ਇਕ ਪ੍ਰਮੁੱਖ ਦਵਾਈ ਐਮਫੋਟੇਰਿਸਿਨ-ਬੀ ਦੀਆਂ ਸ਼ੀਸ਼ੀਆਂ ਦੀ ਵੰਡ 'ਚ ਤੇਜ਼ੀ ਲਿਆਉਣ 'ਤੇ ਜ਼ੋਰ ਦਿੱਤਾ ਹੈ। ਇਸ ਦਿਸ਼ਾ 'ਚ ਕੇਦਰੀ ਰਸਾਇਣ ਤੇ ਖਾਦ ਮੰਤਰੀ ਡੀ ਵੀ ਸਦਾਨੰਦ ਗੌੜਾ ਨੇ ਐਮਫੋਟੇਰਿਸਿਨ-ਬੀ ਦੀਆਂ 23,680 ਹੋਰ ਸ਼ੀਸ਼ੀਆਂ ਦੀ ਵੰਡ ਦਾ ਐਲਾਨ ਕੀਤਾ ਹੈ।
ਗੌੜਾ ਨੇ ਕਿਹਾ ਕਿ ਵੰਡ ਕੁੱਲ ਮਰੀਜ਼ਾਂ ਦੀ ਗਿਣਤੀ ਦੇ ਆਧਾਰ 'ਤੇ ਕੀਤੀ ਗਈ ਹੈ, ਜਿਹੜੀ ਦੇਸ਼ ਭਰ 'ਚ 8,848 ਹੈ। ਗੁਜਰਾਤ (5,800) ਤੇ ਮਹਾਰਾਸ਼ਟਰ (5,090) ਨੂੰ ਹੋਰ ਐਮਫੋਟੇਰਿਸਿਨ-ਬੀ ਦੀਆਂ ਸ਼ੀਸ਼ੀਆਂ ਦੀ ਜ਼ਿਆਦਾ ਵੰਡ ਕੀਤੀ ਗਈ ਹੈ। ਇਸ ਤੋਂ ਬਾਅਦ ਆਂਧਰ ਪ੍ਰਦੇਸ਼ (2,310), ਮੱਧ ਪ੍ਰਦੇਸ਼ (1,830), ਰਾਜਸਥਾਨ (1,780), ਕਰਨਾਟਕ (1,270) ਦਾ ਨੰਬਰ ਆਉਂਦਾ ਹੈ। ਗੁਜਰਾਤ 'ਚ ਸਭ ਤੋਂ ਜ਼ਿਆਦਾ 2,281 ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 2000, ਆਂਧਰ ਪ੍ਰਦੇਸ਼ 'ਚ 910, ਮੱਧ ਪ੍ਰਦੇਸ਼ 'ਚ 720, ਰਾਜਸਥਾਨ 'ਚ 700, ਕਰਨਾਟਕ 'ਚ 5,000, ਹਰਿਆਣੇ 'ਚ 250, ਦਿੱਲੀ 'ਚ 197, ਪੰਜਾਬ 'ਚ 95, ਛੱਤੀਸਗੜ੍ਹ 'ਚ 87, ਬਿਹਾਰ 'ਚ 56, ਤਾਮਿਲਨਾਡੂ 'ਚ 40, ਕੇਰਲ 'ਚ 36, ਝਾਰਖੰਡ 'ਚ 27, ਓਡੀਸ਼ਾ 'ਚ 15, ਗੋਆ 'ਚ 12 ਤੇ ਚੰਡੀਗੜ੍ਹ 'ਚ 8 ਕੇਸ ਸਾਹਮਣੇ ਆਏ ਹਨ। ਬਲੈਕ ਫੰਗਸ ਇਕ ਗੰਭਰ ਪਰ ਦੁਰਲਭ ਫੰਗਲ ਇਨਫੈਕਸ਼ਨ ਹੈ ਜਿਹੜਾ ਮਿਊਕੋਰਮਿਸੈਟਸ ਨਾਂ ਦੇ ਮੋਲਡ ਦੇ ਸਮੂਹ ਕਾਰਨ ਹੁੰਦਾ ਹੈ, ਜਿਹੜਾ ਕੋਵਿਡ-19 ਰੋਗੀਆਂ 'ਚ ਵਿਕਸਤ ਹੋ ਰਿਹਾ ਹੈ। ਫੰਗਸ ਬਿਮਾਰੀ ਆਮ ਤੌਰ 'ਤੇ ਉਨ੍ਹਾਂ ਰੋਗੀਆਂ 'ਚ ਦੇਖੀ ਜਾ ਰਹੀ ਹੈ, ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਸਟੀਰਾਇਡ ਦਿੱਤਾ ਗਿਆ ਸੀ ਤੇ ਜਿਹੜੇ ਲੰਬੇ ਸਮੇਂ ਤੋਂ ਹਸਪਤਾਲ 'ਚ ਦਾਖ਼ਲ ਸਨ, ਆਕਸੀਜਨ ਸਪੋਰਟ ਜਾਂ ਵੈਂਟੀਲੇਟਰ 'ਤੇ ਸਨ।