ਨਵੀਂ ਦਿੱਲੀ : ਬੀਤੇ ਦਿਨੀ ਬਾਬਾ ਰਾਮਦੇਵ ਨੇ ਤੈਸ਼ ਵਿਚ ਆ ਕੇ ਇਕ ਬਿਆਨ ਦੇ ਦਿਤਾ ਸੀ ਕਿ ਆਯੂਰਵੈਦਿਕ ਹੀ ਅਸਲ ਇਲਾਜ ਹੈ ਐਲੋਪੈਥੀ ਵਿਚ ਕੁੱਝ ਨਹੀਂ ਰੱਖਿਆ। ਹੁਣ ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ ਨੂੰ ਰਾਮਦੇਵ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਐਲੋਪੈਥੀ ਖ਼ਿਲਾਫ਼ ਗ਼ੈਰ-ਜ਼ਿੰਮੇਵਾਰੀ ਵਾਲਾ ਬਿਆਨ ਦਿੱਤਾ ਅਤੇ ਵਿਗਿਆਨਕ ਦਵਾਈ ਦਾ ਅਕਸ ਖਰਾਬ ਕੀਤਾ ਹੈ। ਡਾਕਟਰਾਂ ਦੀ ਸਿਖਰਲੀ ਸੰਸਥਾ ਨੇ ਇਕ ਬਿਆਨ 'ਚ ਕਿਹਾ ਕਿ ਰਾਮਦੇਵ ਖ਼ਿਲਾਫ਼ ਮਹਾਮਾਰੀ ਕਾਨੂੰਨ ਤਹਿਤ ਮੁਕੱਦਮਾ ਚਲਾਉਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੀ ਇੱਕ Video ਦਾ ਹਵਾਲਾ ਦਿੰਦਿਆਂ ਆਈਐੱਮਏ ਨੇ ਕਿਹਾ ਕਿ ਰਾਮਦੇਵ ਕਹਿ ਰਹੇ ਹਨ ਕਿ 'ਐਲੋਪੈਥੀ ਇੱਕ ਸਟੁਪਿਡ ਤੇ ਦੀਵਾਲੀਆ ਸਾਇੰਸ ਹੈ।' ਉਨ੍ਹਾਂ ਇਹ ਵੀ ਕਿਹਾ ਕਿ ਐਲੋਪੈਥੀ ਦੀਆਂ ਦਵਾਈਆਂ ਖਾਣ ਤੋਂ ਬਾਅਦ ਲੱਖਾਂ ਲੋਕਾਂ ਦੀ ਮੌਤ ਹੋ ਗਈ।
ਆਈਐੱਮਏ ਨੇ ਕਿਹਾ ਕਿ ਰਾਮਦੇਵ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਦਵਾਈ ਕੰਟਰੋਲਰ ਵੱਲੋਂ ਪ੍ਰਵਾਨਗੀ ਹਾਸਲ ਰੈਮਡੇਸਿਵਿਰ, ਫੈਵੀਫਲੂ ਅਤੇ ਹੋਰ ਸਾਰੀਆਂ ਦਵਾਈਆਂ ਕਰੋਨਾ ਪੀੜਤਾਂ ਦੇ ਇਲਾਜ 'ਚ ਨਾਕਾਮ ਹੋ ਗਈਆਂ ਹਨ। ਆਈਐੱਮਏ ਨੇ ਕਿਹਾ, 'ਕੇਂਦਰੀ ਸਿਹਤ ਮੰਤਰੀ (ਹਰਸ਼ ਵਰਧਨ), ਜੋ ਖੁਦ ਆਧੁਨਿਕ ਮੈਡੀਕਲ ਐਲੋਪੈਥੀ ਦੇ ਡਾਕਟਰ ਰਹਿ ਚੁੱਕੇ ਹਨ ਅਤੇ ਸਿਹਤ ਮੰਤਰਾਲੇ ਦੇ ਮੁਖੀ ਵੀ ਹਨ, ਜਾਂ ਤਾਂ ਇਨ੍ਹਾਂ ਦੀ ਚੁਣੌਤੀ ਤੇ ਦੋਸ਼ ਸਵੀਕਾਰ ਕਰ ਲੈਣ ਅਤੇ ਆਧੁਨਿਕ ਮੈਡੀਕਲ ਦੀ ਸਹੂਲਤ ਖਤਮ ਕਰ ਦੇਣ ਜਾਂ ਫਿਰ ਅਜਿਹੀਆਂ ਗ਼ੈਰ-ਵਿਗਿਆਨਕ ਗੱਲਾਂ ਤੋਂ ਲੱਖਾਂ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਖ਼ਿਲਾਫ਼ ਮਹਾਮਾਰੀ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਨ।' ਉਨ੍ਹਾਂ ਦੋਸ਼ ਲਾਇਆ ਕਿ ਰਾਮਦੇਵ ਮੌਜੂਦਾ ਹਾਲਾਤ ਦਾ ਫਾਇਦਾ ਚੁੱਕਣ ਅਤੇ ਵੱਡੇ ਪੱਧਰ 'ਤੇ ਲੋਕਾਂ ਵਿਚਾਲੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।