ਇੰਤਕਾਲ, ਤਕਸੀਮ ਕੇਸਾਂ ਦੇ ਨਿਪਟਾਰੇ ਅਤੇ ਜਮਾਂਬੰਦੀਆਂ ਦੀ ਮੁਕੰਮਲਤਾ ਨੂੰ ਪਹਿਲ ਦੇ ਆਧਾਰ 'ਤੇ ਲਿਆ ਜਾਵੇ
ਸਟੈਂਪ ਡਿਊਟੀ ਅਤੇ ਅਦਾਲਤੀ ਹੁਕਮਾਂ ਨਾਲ ਸਬੰਧਤ ਵਸੂਲੀ ਤੇਜ਼ ਕਰਨ ਦੇ ਹੁਕਮ ਦਿੱਤੇ
ਐਸ.ਏ.ਐਸ.ਨਗਰ : ਮਾਲ ਅਫਸਰਾਂ ਅਤੇ ਉਪ ਮੰਡਲ ਮੈਜਿਸਟਰੇਟਾਂ ਦੀ ਮਾਸਿਕ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਲਾਲ ਡੋਰਾ ਅੰਦਰਲੇ ਵਸਨੀਕਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਸਵਾਮੀਤਵਾ ਸਕੀਮ ਤਹਿਤ ਨਕਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਜਲਦ ਮੁਕੰਮਲ ਕਰਨ ਲਈ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਸਵਾਮੀਤਵਾ ਨਾਲ ਸਬੰਧਤ ਪ੍ਰਗਤੀ ਦੀ ਉਪ ਮੰਡਲ ਮੈਜਿਸਟ੍ਰੇਟ ਦੁਆਰਾ ਨਿਯਮਤ ਤੌਰ 'ਤੇ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕੰਮ ਨੂੰ ਤੇਜ਼ ਕੀਤਾ ਜਾ ਸਕੇ। ਉਨ੍ਹਾਂ ਖਰੜ ਅਤੇ ਮੁਹਾਲੀ ਸਬ ਡਵੀਜ਼ਨਾਂ ਨੂੰ ਸੌਂਪੇ ਗਏ ਨਕਸ਼ੇ-2 ਦੀ ਪੜਤਾਲ ਕਰਨ ਲਈ ਵੀ ਕਿਹਾ।
ਇੰਤਕਾਲ ਅਤੇ ਬਟਵਾਰੇ ਦੇ ਪੈਂਡਿੰਗ ਕੇਸਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਮਾਲ ਅਫਸਰਾਂ ਅਤੇ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਇਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਅਤੇ ਜੋ ਸਮਾਂ ਸੀਮਾ ਤੋਂ ਬਾਹਰ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਨਜਿੱਠਣ। ਉਨ੍ਹਾਂ ਮਾਲ ਵਿਭਾਗ ਦੇ ਫੀਲਡ ਸਟਾਫ਼ ਰਾਹੀਂ ਜਮ੍ਹਾਂਬੰਦੀਆਂ ਨੂੰ ਸਖ਼ਤੀ ਨਾਲ ਮੁਕੰਮਲ ਕਰਨ ਲਈ ਕਿਹਾ ਅਤੇ ਕਰਮਚਾਰੀ ਦੇ ਇੱਕ ਪਟਵਾਰ ਸਰਕਲ ਤੋਂ ਦੂਜੇ ਪਟਵਾਰ ਸਰਕਲ ਵਿੱਚ ਤਬਦੀਲ ਹੋਣ ਦੀ ਸੂਰਤ ਵਿੱਚ ਜਮ੍ਹਾਂਬੰਦੀਆਂ ਦੇ ਮੁਕੰਮਲ ਹੋਣ ਤੱਕ ਕਿਸੇ ਵੀ ਹਾਲਤ ਵਿੱਚ ਰਿਲੀਵ ਨਾ ਕਰਨ ਲਈ ਕਿਹਾ।
ਸੈਕਸ਼ਨ 47-ਏ ਅਧੀਨ ਸਟੈਂਪ ਡਿਊਟੀਆਂ ਅਤੇ ਅਦਾਲਤੀ ਹੁਕਮਾਂ ਅਨੁਸਾਰ ਬਕਾਇਆ ਦੀ ਘਾਟ ਵਸੂਲੀ 'ਤੇ ਚਿੰਤਾ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਵਸੂਲੀਆਂ ਰਿਕਵਰੀ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਮਾਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਬ ਰਜਿਸਟਰਾਰ ਦਫ਼ਤਰਾਂ ਅਤੇ ਤਹਿਸੀਲ ਦਫ਼ਤਰਾਂ ਵਿਖੇ ਆਉਂਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਸੇਵਾਵਾਂ ਬਿਨਾਂ ਕਿਸੇ ਦੇਰੀ ਦੇ ਦਿੱਤੀਆਂ ਜਾਣ।
ਮੀਟਿੰਗ ਵਿੱਚ ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਐਸ ਡੀ ਐਮਜ਼ ਅਮਿਤ ਗੁਪਤਾ ਡੇਰਾਬੱਸੀ, ਦਮਨਦੀਪ ਕੌਰ ਮੁਹਾਲੀ ਅਤੇ ਗੁਰਮੰਦਰ ਸਿੰਘ ਖਰੜ, ਸਬ ਰਜਿਸਟਰਾਰ; ਖਰੜ ਤੋਂ ਨਵਪ੍ਰੀਤ ਸਿੰਘ ਸ਼ੇਰਗਿੱਲ, ਮੁਹਾਲੀ ਤੋਂ ਜਸਪ੍ਰੀਤ ਸਿੰਘ, ਤਹਿਸੀਲਦਾਰਾਂ ਵਿੱਚ ਡੇਰਾਬੱਸੀ ਤੋਂ ਬੀਰਕਰਨ ਸਿੰਘ, ਖਰੜ ਤੋਂ ਜਸਵਿੰਦਰ ਸਿੰਘ, ਮੁਹਾਲੀ ਤੋਂ ਅਰਜੁਨ ਸਿੰਘ ਗਰੇਵਾਲ, ਨਾਇਬ ਤਹਿਸੀਲਦਾਰ ਹਿਰਦੇਪਾਲ, ਵਿਵੇਕ ਨਿਰਮੋਹੀ, ਗੁਰਪ੍ਰੀਤ ਕੰਬੋਜ ਅਤੇ ਰਣਬੀਰ ਸਿੰਘ ਸ਼ਾਮਲ ਸਨ।