ਫ਼ਤਹਿਗੜ੍ਹ ਸਾਹਿਬ : ਟਰਾਂਸਪੋਰਟ ਵਿਭਾਗ ਨਾਲ ਸਬੰਧਤ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਛੇਤੀ ਹੀ ਹੱਲ ਹੋ ਜਾਵੇਗਾ। ਇਹ ਪ੍ਰਗਟਾਵਾ ਖੇਤਰੀ ਟਰਾਂਸਪੋਰਟ ਅਫਸਰ ਪ੍ਰਦੀਪ ਸਿੰਘ ਢਿੱਲੋ ਨੇ ਕੀਤਾ। ਉਹਨਾਂ ਦੱਸਿਆ ਕਿ ਡਰਾਈਵਿੰਗ ਲਾਇਸੰਸ, ਆਰਸੀ ਬਣਾਉਣ ਅਤੇ ਵਾਹਨ ਚਾਲਾਨ ਸਬੰਧੀ ਟੈਸਟ ਉਪਰੰਤ ਫੋਟੋ ਕਰਨ ਦਾ ਕੰਮ ਪਹਿਲਾਂ ਸਰਕਾਰ ਵੱਲੋਂ ਸਮਾਰਟ ਚਿਪ ਨਾਮ ਦੀ ਕੰਪਨੀ ਨੂੰ ਦਿੱਤਾ ਗਿਆ ਸੀ ਜਿਸ ਦਾ ਦਸੰਬਰ 2024 ਵਿੱਚ ਇਕਰਾਰ ਖਤਮ ਹੋ ਗਿਆ ਹੈ। ਉਹਨਾਂ ਦੱਸਿਆ ਕਿ ਹੁਣ ਸਰਕਾਰ ਵੱਲੋਂ ਐਮ ਚਿਪ ਨਾਮ ਦੀ ਕੰਪਨੀ ਨੂੰ ਟੈਂਡਰ ਅਲਾਟ ਕੀਤਾ ਗਿਆ ਹੈ ਅਤੇ ਟਰਾਂਸਪੋਰਟ ਵਿਭਾਗ ਨਾਲ ਕਾਰਵਾਈ ਕਰਨ ਉਪਰੰਤ ਇਹ ਕੰਪਨੀ ਛੇਤੀ ਹੀ ਕੰਮ ਸ਼ੁਰੂ ਕਰ ਦੇਵੇਗੀ।
ਸ. ਢਿੱਲੋ ਨੇ ਕਿਹਾ ਕਿ ਪੁਰਾਣੀ ਕੰਪਨੀ ਦਾ ਟੈਂਡਰ ਖਤਮ ਹੋਣ ਕਾਰਨ ਵਿਭਾਗ ਦੇ ਜਿਹੜੇ ਕੰਮ ਪੈਂਡਿੰਗ ਪਏ ਹਨ ਉਹਨਾਂ ਦਾ ਵੀ ਛੇਤੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਲੋਕਾਂ ਦੀ ਸਹੂਲਤ ਲਈ ਪੂਰੀ ਵਚਨਬੱਧਤਾ ਨਾਲ ਕਾਰਜਸ਼ੀਲ ਹੈ ਅਤੇ ਵਿਭਾਗ ਕਾਰਨ ਲੋਕਾਂ ਨੂੰ ਕੋਈ ਪਰੇਸ਼ਾਨੀ ਪੇਸ਼ ਨਹੀਂ ਆਵੇਗੀ। ਉਹਨਾਂ ਦੱਸਿਆ ਕਿ ਸਰਕਾਰ ਦੇ ਧਿਆਨ ਵਿੱਚ ਇਹ ਮਸਲਾ ਲਿਆ ਦਿੱਤਾ ਗਿਆ ਹੈ ਅਤੇ ਸਰਕਾਰ ਵੱਲੋਂ ਇਸ ਸਬੰਧੀ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਡਰਾਈਵਿੰਗ ਲਾਇਸੰਸ ਅਤੇ ਆਰਸੀਆਂ ਪ੍ਰਿੰਟ ਨਾ ਹੋਣ ਕਾਰਨ ਲੋਕਾਂ ਨੂੰ ਜੋ ਮੁਸ਼ਕਲ ਪੇਸ਼ ਆ ਰਹੀ ਹੈ ਵਿਭਾਗ ਉਹਨਾਂ ਮੁਸ਼ਕਲਾਂ ਦੇ ਹੱਲ ਵਾਸਤੇ ਲਗਾਤਾਰ ਯਤਨਸ਼ੀਲ ਹੈ ਇਸ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।