ਫ਼ਤਹਿਗੜ੍ਹ ਸਾਹਿਬ : ਸ਼ੈਲਰ ਮਾਲਕਾਂ ਦਾ ਅਨਾਜ ਭੰਡਾਰ ਕਰਨ ਵਿੱਚ ਅਹਿਮ ਯੋਗਦਾਨ ਹੁੰਦਾ ਹੈ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਂਦਾ ਹੈ। ਇਹ ਜਾਣਕਾਰੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਮੀਨਾਕਸ਼ੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਅਮਲੋਹ ਦੇ ਸ਼ੈਲਰ ਮਾਲਕਾਂ ਨੂੰ ਚਾਵਲ ਸਟੋਰ ਕਰਨ ਲਈ ਜੋ ਮੁਸ਼ਕਲ ਪੇਸ਼ ਆ ਰਹੀ ਹੈ, ਉਸ ਦੇ ਹੱਲ ਲਈ ਮਾਰਕਫੈੱਡ ਵੱਲੋਂ ਆਪਣੇ ਗੋਦਾਮ ਨੰਬਰ 7 ਤੇ 8 ਵਿੱਚ ਚਾਵਲ ਸਟੋਰ ਕਰਨ ਲਈ ਸ਼ੈਲਰ ਮਾਲਕਾਂ ਨੂੰ ਜਗ੍ਹਾਂ ਦਿੱਤੀ ਹੈ, ਜਿਥੇ ਕਿ 5000 ਟਨ ਚਾਵਲ ਸਟੋਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਨਗ੍ਰੇਨ ਵੱਲੋਂ ਵੀ ਸ਼ੈਲਰ ਮਾਲਕਾਂ ਨੂੰ ਆਪਣੀ ਜਗ੍ਹਾ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਨੂੰ ਜਿਹੜੇ ਗੋਦਾਮ ਦੇਣ ਸਬੰਧੀ ਕਿਹਾ ਗਿਆ ਹੈ ਉਨ੍ਹਾਂ ਗੋਦਾਮਾਂ ਵਿੱਚ ਮਾਮੂਲੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਜੋ ਕਿ ਆਉਂਦੇ ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੈਲਰ ਮਾਲਕਾਂ ਨੂੰ ਚਾਵਲ ਸਟੋਰ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਵਿਭਾਗ ਵੱਲੋਂ ਸ਼ੈਲਰਾਂ ਵਿੱਚ ਝੋਨਾ ਰਖਵਾਇਆ ਗਿਆ ਸੀ ਅਤੇ ਹੁਣ ਸ਼ੈਲਰ ਮਾਲਕਾਂ ਵੱਲੋਂ ਐਫ.ਸੀ.ਆਈ. ਨੂੰ ਚਾਵਲ ਦੇਣ ਹਿੱਤ ਝੋਨਾ ਚੁੱਕਣ ਸਬੰਧੀ ਕਿਹਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਲਈ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਸ਼ੈਲਰ ਮਾਲਕਾਂ ਦਾ ਚਾਵਲ ਸਟੋਰ ਕਰਨ ਲਈ ਵਿਭਾਗ ਵੱਲੋਂ ਹੋਰ ਜਗ੍ਹਾਂ ਦੇਣ ਸਬੰਧੀ ਕਾਰਵਾਈ ਵੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਜ਼ਿਲ੍ਹੇ ਦੇ ਸ਼ੈਲਰ ਮਾਲਕਾਂ ਦੀ ਸਹੂਲਤ ਲਈ ਹੋਰ ਜਗ੍ਹਾਂ ਦੇਣ ਸਬੰਧੀ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਸ਼ੈਲਰ ਮਾਲਕਾਂ ਨੂੰ ਚਾਵਲ ਸਟੋਰ ਕਰਨ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।