ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਜਸਵੀਰ ਸਿੰਘ ਮੈਦੇਵਾਸ ਅਤੇ ਸੰਤ ਰਾਮ ਛਾਜਲੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨਾਲ 22 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਕਿਸਾਨੀ ਮੰਗਾਂ ਨਾ ਮੰਨੀਆਂ ਤਾਂ 25 ਫਰਵਰੀ ਨੂੰ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਕਾਫ਼ਲਾ ਦਿੱਲੀ ਕੂਚ ਕਰੇਗਾ। ਉਨ੍ਹਾਂ ਦੱਸਿਆ ਕਿ 21 ਫ਼ਰਵਰੀ ਨੂੰ ਮਰਹੂਮ ਕਿਸਾਨ ਸ਼ੁਭ ਕਰਨ ਸਿੰਘ ਦੀ ਬਰਸੀ ਮੌਕੇ ਸ਼ੰਭੂ, ਖਨੌਰੀ ਅਤੇ ਬੱਲੋ ਪਿੰਡ ਵਿੱਚ ਵੱਡੇ ਇਕੱਠ ਕੀਤੇ ਜਾਣਗੇ। ਮੰਗਲਵਾਰ ਨੂੰ ਸੁਨਾਮ ਵਿਖੇ ਗੁਰਦੁਆਰਾ ਸੱਚਖੰਡ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਜਸਵੀਰ ਸਿੰਘ ਮੈਦੇਵਾਸ ਅਤੇ ਸੰਤ ਰਾਮ ਸਿੰਘ ਛਾਜਲੀ ਕਿਹਾ ਕਿ ਕਿਸਾਨੀ ਮੰਗਾਂ ਦੀ ਪੂਰਤੀ ਤੱਕ ਸੰਭੂ ਅਤੇ ਖਨੌਰੀ ਵਿਖੇ ਮੋਰਚੇ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਸੰਜੀਦਗੀ ਦਿਖਾਵੇ ਨਹੀਂ ਤਾਂ ਆਰ ਪਾਰ ਦੀ ਲੜਾਈ ਲੜ੍ਹਣ ਲਈ ਕਿਸਾਨ ਤਿਆਰ ਹਨ। ਉਨ੍ਹਾਂ ਕਿਹਾ ਕਿ 21 ਫਰਵਰੀ ਨੂੰ ਸੰਭੂ, ਖਨੌਰੀ ਤੇ ਬੱਲੋ ਪਿੰਡ ਵਿੱਚ ਸ਼ੁਭ ਕਰਨ ਦੀ ਬਰਸੀ ਮਨਾਉਣ ਲਈ ਜਥੇਬੰਦੀ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਪਿੰਡਾਂ ਵਿੱਚ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਮੀਟਿੰਗ ਵਿੱਚ ਬੂਟਾ ਸਿੰਘ ਝਾੜੋਂ, ਤਰਸੇਮ ਸਿੰਘ ਤੋਲਾਵਾਲ, ਨਿਰਭੈ ਸਿੰਘ ਸ਼ਾਹਪੁਰ, ਗੁਰਚਰਨ ਸਿੰਘ ਬਿਗੜਵਾਲ, ਪ੍ਰਿਤਪਾਲ ਸਿੰਘ ਛਾਜਲੀ, ਬਿੱਕਰ ਸਿੰਘ ਚੀਮਾ, ਦਰਬਾਰਾ ਸਿੰਘ, ਪਰਮਜੀਤ ਸਿੰਘ ਮੈਦੇਵਾਸ ਅਤੇ ਦਰਸ਼ਨ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।