ਲੁਧਿਆਣਾ : ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਸਾਵਧਾਨ ਇੰਡੀਆ ਦੇ ਕਿਸੇ ਐਪੀਸੋਡ ਵਾਂਗ ਸੋਚੀ ਸਮਝੀ ਸਾਜ਼ਿਸ਼ ਤਹਿਤ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ। ਪੁਲਿਸ ਨੇ ਸੋਮਵਾਰ ਨੂੰ ਇਸ ਮਾਮਲੇ ਦਾ ਖੁਲਾਸਾ ਕੀਤਾ ਤੇ ਦੋਸ਼ੀ ਅਨੋਖ ਕੁਮਾਰ ਦੀ ਪ੍ਰੇਮਿਕਾ ਸਣੇ ਚਾਰ ਸੁਪਾਰੀ ਕਿੱਲਰਾਂ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਇੱਕ ਦੋਸ਼ੀ ਅਜੇ ਵੀ ਫਰਾਰ ਹੈ। ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਮੁਤਾਬਕ ਡੇਹਲੋਂ ਨੇੜੇ ਬੀ-ਮੈਕਸ ਮਾਲ ਨੇੜੇ ਐਤਵਾਰ ਨੂੰ ਵਾਪਰੀ ਕਥਿਤ ਲੁੱਟ-ਖੋਹ ਅਤੇ ਕਤਲ ਦੀ ਵਾਰਦਾਤ ਸੋਚੀ-ਸਮਝੀ ਸਾਜ਼ਿਸ਼ ਸਾਬਤ ਹੋਈ। ਦੋਸ਼ੀ ਅਨੋਖ ਕੁਮਾਰ ਦੀ ਪਤਨੀ ਲਿਪਸੀ ਨੂੰ ਪਤਾ ਲੱਗਾ ਸੀ ਕਿ ਉਸ ਦੇ ਪਤੀ ਦਾ ਵਿਆਹ ਤੋਂ ਬਾਅਦ ਵੀ ਇੱਕ ਕੁੜੀ ਨਾਲ ਅਫੇਅਰ ਚੱਲ ਰਿਹਾ ਸੀ।
ਅਨੋਖ ਆਪਣੀ ਪ੍ਰੇਮਿਕਾ ਪ੍ਰਤੀਕਸ਼ਾ ਨਾਲ ਵਿਆਹ ਕਰਨਾ ਚਾਹੁੰਦਾ ਸੀ। ਲਿਪਸੀ ਇਸ ਦੇ ਖਿਲਾਫ ਸੀ। ਇਸ ਤੋਂ ਬਾਅਦ ਅਨੋਖ ਕੁਮਾਰ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਲਿਪਸੀ ਦੇ ਕਤਲ ਦੀ ਸਾਜ਼ਿਸ਼ ਰਚੀ। ਸ਼ਨੀਵਾਰ ਰਾਤ ਕਰੀਬ 11 ਵਜੇ ਉਸ ਨੇ ਆਪਣੀ ਪਤਨੀ ਨਾਲ ਡਿਨਰ ਕੀਤਾ ਫਿਰ ਡੀਜੇ ‘ਤੇ ਡਾਂਸ ਤੋਂ ਬਾਅਦ ਕਾਰ ‘ਚ ਘੁੰਮਣ ਨਿਕਲਿਆ। ਮਾਲ ਤੋਂ ਸਿਰਫ 200 ਮੀਟਰ ਦੀ ਦੂਰੀ ‘ਤੇ ਉਸ ਨੇ ਬਾਥਰੂਮ ਜਾਣ ਦੇ ਬਹਾਨੇ ਕਾਰ ਰੋਕ ਲਈ। ਇਹ ਉਹੀ ਥਾਂ ਸੀ ਜਿੱਥੇ ਸੁਪਾਰੀ ਮਾਰਨ ਵਾਲੇ ਪਹਿਲਾਂ ਹੀ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਯੋਜਨਾ ਤਹਿਤ ਬਦਮਾਸ਼ਾਂ ਨੇ ਪਹਿਲਾਂ ਅਨੋਖ ‘ਤੇ ਹਮਲਾ ਕੀਤਾ, ਜਿਸ ਨਾਲ ਇਹ ਲੁੱਟ ਦੀ ਵਾਰਦਾਤ ਸਾਬਤ ਹੋਵੇ। ਜਦੋਂ ਲਿਪਸੀ ਆਪਣੇ ਪਤੀ ਨੂੰ ਬਚਾਉਣ ਆਈ ਤਾਂ ਬਦਮਾਸ਼ਾਂ ਨੇ ਉਸ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਅਨੋਖ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਲਿਪਸੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੀ ਅਗਵਾਈ ‘ਚ ਜਾਂਚ ਟੀਮ ਨੇ ਕੁਝ ਘੰਟਿਆਂ ‘ਚ ਹੀ ਮਾਮਲੇ ਦੀ ਤਹਿ ਤੱਕ ਪਹੁੰਚ ਕੇ ਦੋਸ਼ੀ ਪਤੀ ਅਨੋਖ ਨੂੰ ਗ੍ਰਿਫਤਾਰ ਕਰ ਲਿਆ। ਸਖ਼ਤੀ ਨਾਲ ਪੁੱਛਗਿੱਛ ਦੌਰਾਨ ਅਨੋਖ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਮੰਨਿਆ ਕਿ ਉਸ ਨੇ ਬਦਮਾਸ਼ਾਂ ਨੂੰ ਸੁਪਾਰੀ ਦੇ ਕੇ ਆਪਣੀ ਪਤਨੀ ਦਾ ਕਤਲ ਕਰਵਾਇਆ ਅਤੇ ਇਸ ਨੂੰ ਲੁੱਟ ਦੀ ਵਾਰਦਾਤ ਦਾ ਰੂਪ ਦਿੱਤਾ ਤਾਂ ਜੋ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋ ਸਕੇ।