ਬਾਰਾਬਾਂਕੀ: ਯੂਪੀ ਦੇ ਬਾਰਾਬਾਂਕੀ ਜ਼ਿਲ੍ਹੇ ਵਿਚ ਕੋਰੋਨਾ ਦੀ ਵੈਕਸੀਨ ਕਾਰਨ ਲੋਕਾਂ ਅੰਦਰ ਏਨਾ ਡਰ ਹੈ ਕਿ ਟੀਕਾਕਰਨ ਕਰਨ ਵਾਲੀ ਟੀਮ ਨੂੰ ਵੇਖ ਕੇ ਘਬਰਾਏ ਪੇਂਡੂ ਸਰਯੂ ਨਦੀ ਵਿਚ ਕੁੱਦ ਪਏ। ਮਾਮਲਾ ਜ਼ਿਲ੍ਹੇ ਦੇ ਸਿਸੌਂਡਾ ਪਿੰਡ ਦਾ ਹੈ। ਕਲ ਸਿਹਤ ਵਿਭਾਗ ਦੀ ਟੀਮ ਕੋਵਿਡ ਟੀਕਾਕਰਨ ਲਈ ਗਈ ਸੀ। ਡਰ ਕਾਰਨ ਪਿੰਡ ਵਾਲੀ ਪਰਵਾਰਾਂ ਸਮੇਤ ਪਿੰਡ ਖ਼ਾਲੀ ਕਰ ਕੇ ਸਰਯੂ ਨਦੀ ਦੇ ਕੰਢੇ ਚਲੇ ਗਹੇ। ਜਦ ਸਿਹਤ ਵਿਭਾਗ ਦੀ ਟੀਮ ਨਦੀ ਕੰਢੇ ਜਾਣ ਲੱਗੀ ਤਾਂ ਉਨ੍ਹਾਂ ਨੂੰ ਵੇਖ ਕੇ ਔਰਤਾਂ ਅਤੇ ਪੁਰਸ਼ਾਂ ਸਮੇਤ ਹੋਰ ਲੋਕਾਂ ਨੇ ਨਦੀ ਵਿਚ ਛਾਲਾਂ ਮਾਰ ਦਿਤੀਆਂ ਅਤੇ ਘੰਟਿਆਂਬੱਧੀ ਨਦੀ ਵਿਚ ਬੈਠੇ ਰਹੇ। ਮੌਕੇ ’ਤੇ ਪੁੱਜੇ ਐਸਡੀਐਮ ਪੇਂਡੂਆਂ ਨੂੰ ਮਨਾਉਣ ਲੱਗ ਪਏ। ਕਾਫ਼ੀ ਦੇਰ ਤਕ ਮਨਾਉਣ ਦੇ ਬਾਅਦ ਵੀ ਸਿਰਫ਼ 14 ਪੇਂਡੂਆਂ ਨੇ ਨਦੀ ਵਿਚੋਂ ਨਿਕਲ ਗਏ ਅਤੇ ਕੋਵਿਡ ਦਾ ਟੀਕਾ ਲਗਵਾਇਆ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਕੋਰੋਨਾ ਦੀ ਵੈਕਸੀਨ ਕਾਰਨ ਡਰੇ ਹੋਏ ਸਾਂ। ਐਸਡੀਐਮ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਟੀਮ ਦੇ ਅਧਿਕਾਰੀ ਨੇ ਕਿਹਾ ਕਿ ਲੋਕ ਹੁਣ ਮੁਹਿੰਮ ਦਾ ਸਮਰਥਨ ਕਰ ਰਹੇ ਹਨ ਅਤੇ ਖ਼ੁਦ ਟੀਕਾ ਲਗਵਾਉਣ ਆ ਰਹੇ ਹਨ।