ਗੁਰਦਾਸਪੁਰ : ਕਿਸਾਨੀ ਸੰਘਰਸ਼ ਵਿਚ ਲਗਾਤਾਰ ਹੋ ਰਹੀਆਂ ਮੌਤਾਂ ਵਿਚ ਇਕ ਹੋਰ ਨਾਮ ਜੁੜ ਗਿਆ ਹੈ। ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਤੁੰਗ ਦੇ ਰਹਿਣ ਵਾਲੇ ਕਿਸਾਨ ਕਿਸਾਨ ਆਗੂ ਤਜਿੰਦਰ ਸਿੰਘ ਨੇ ਵੀ ਆਪਣੀ ਸ਼ਹਾਦਤ ਦਿੱਤੀ ਹੈ। ਜਿਸਦਾ ਬੀਤੇ ਦਿਨ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂ ਸ਼ਾਮਿਲ ਰਹੇ ਅਤੇ ਮ੍ਰਿਤਕ ਕਿਸਾਨ ਆਗੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜਾਣਕਾਰੀ ਅਨੁਸਾਰ ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਕਿਸਾਨਾਂ ਦਾ ਦਿੱਲੀ ਬਾਰਡਰ 'ਤੇ ਪੱਕਾ ਮੋਰਚਾ ਜਾਰੀ ਹੈ। ਇਸ ਸੰਘਰਸ਼ ਦੌਰਾਨ ਹੁਣ ਤੱਕ 400 ਤੋਂ ਵੱਧ ਕਿਸਾਨ ਆਪਣੀ ਸ਼ਹਾਦਤ ਦੇ ਚੁਕੇ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਆਗੂ ਤਜਿੰਦਰ ਸਿੰਘ ਨੇ ਕਿਸਾਨੀ ਨੂੰ ਬਚਾਉਣ ਲਈ ਚਲ ਰਹੇ ਸੰਘਰਸ਼ ਦੌਰਾਨ ਆਪਣੀ ਸ਼ਹਾਦਤ ਦਿੱਤੀ ਹੈ। ਉਹਨਾਂ ਦਸਿਆ ਕਿ ਪਿੰਡ ਤੁੰਗ ਦੇ ਕਿਸਾਨ ਆਗੂ ਤਜਿੰਦਰ ਸਿੰਘ ਦਿੱਲੀ ਅੰਦੋਲਨ ਤੋਂ 9 ਦਿਨ ਪਹਿਲਾਂ ਵਾਪਸ ਆਏ ਸਨ ਅਤੇ ਆਂਉਦੇ ਹੀ ਬੀਮਾਰ ਹੋ ਗਏਂ ਸਨ। ਬਿਮਾਰ ਹੋਣ ਕਰਕੇ ਉਹਨਾਂ ਨੂੰ ਅਮ੍ਰਿਤਸਰ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ ਪਰ ਅੱਜ ਉਹ ਅਕਾਲ-ਚਲਾਣਾ ਕਰ ਗਏ । ਸਮੂਹ ਕਿਸਾਨ ਮਜ਼ਦੂਰ ਉਹਨਾਂ ਦੇ ਸੰਸਕਾਰ ਤੇ ਪਹੁੰਚੇ ਕਿਸਾਨ ਮਜ਼ਦੂਰ ਤਜਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਕਿਸਾਨ ਆਗੂ ਦੇ ਪਰਿਵਾਰ ਨੂੰ ਬਣਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਵੇ।