ਸੁਨਾਮ : ਸੁਨਾਮ ਪੁਲਿਸ ਨੇ ਇੱਕ ਮਹਿਲਾ ਕੌਂਸਲਰ ਦੇ ਪਤੀ ਨੂੰ 20 ਕਿੱਲੋ ਭੁੱਕੀ ਡੋਡੇ ਪੋਸਤ ਅਤੇ 945 ਪਾਬੰਦੀ ਸ਼ੁਦਾ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਦਰਜ਼ ਮੁਕੱਦਮੇ ਅਨੁਸਾਰ ਥਾਣਾ ਸ਼ਹਿਰੀ ਸੁਨਾਮ ਦੇ ਥਾਣੇਦਾਰ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਸਥਾਨਕ ਨਵੀਂ ਅਨਾਜ਼ ਮੰਡੀ ਦੇ ਸ਼ੈੱਡ ਹੇਠ ਕਾਰ 'ਚ ਬੈਠੇ ਸੁਨਾਮ ਸ਼ਹਿਰ ਦੇ ਲਾਲੀ ਨਾਂਅ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਆਉਂਦੇ-ਜਾਂਦੇ ਗਾਹਕਾਂ ਦੀ ਉਡੀਕ ਕਰ ਰਿਹਾ ਸੀ।ਜਿਸ ਕੋਲੋਂ 20 ਕਿਲੋ ਭੁੱਕੀ ਡੋਡੇ ਪੋਸਤ ਅਤੇ 945 ਪਾਬੰਦੀ ਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਜਦੋਂ ਕਿ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਲਾਲੀ ਵਾਸੀ ਸੁਨਾਮ ਨੂੰ ਭੁੱਕੀ ਡੋਡੇ ਪੋਸਤ ਅਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਸੁਨਾਮ ਸ਼ਹਿਰ ਦੇ ਹੀ ਲੱਖੀ ਨੂੰ ਨਾਮਜ਼ਦ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਲਾਲੀ ਨਾਮ ਦਾ ਵਿਅਕਤੀ ਸੁਨਾਮ ਦੇ ਵਾਰਡ ਨੰਬਰ 21 ਦੇ ਮੋਜੂਦਾ ਨਗਰ ਕੌਂਸਲਰ ਗੁਰਜੀਤ ਕੌਰ ਦੇ ਪਤੀ ਹਨ।