ਕੋਲਕਾਤਾ : ਦੇਸ਼ ਵਿੱਚ ਕੁਦਰਤੀ ਆਫ਼ਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤੌਕਤੇ ਚੱਕਰਵਾਤੀ ਤੂਫ਼ਾਨ ਤੋਂ ਬਾਅਦ ਹੁਣ ਨਵਾਂ ਤੂਫ਼ਾਨ ਯਾਸ ਆਪਣਾ ਕਹਿਰ ਵਰਸਾ ਰਿਹਾ ਹੈ। ਜਾਣਕਾਰੀ ਅਨੁਸਾਰ ਉੜੀਸਾ ਦੇ ਭਦਕ ਜ਼ਿਲ੍ਹੇ ਵਿੱਚ ਸਮੁੰਦਰੀ ਕੰਢੇ ’ਤੇ ਯਾਸ ਤੂਫ਼ਾਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਹੋਈਆਂ ਰੀਪੋਰਟਾਂ ਮੁਤਾਬਕ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨੇ ਚਲ ਰਹੀਆਂ ਹਵਾਵਾਂ ਨੇ ਤਬਾਹੀ ਲਿਆਂਦੀ ਹੋਈ ਹੈ। ਯਾਸ ਤੂਫ਼ਾਨ ਕਾਰਨ ਬੰਗਾਲ ਅਤੇ ਉੜੀਸਾ ਵਿੱਚ ਮੀਂਹ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੁੱਝ ਇਲਾਕਿਆਂ ਵਿਚ ਮੀਂਹ ਅਤੇ ਨਾਲ ਤੇਜ਼ ਹਵਾਵਾਂ ਚਲ ਰਹੀਆਂ ਹਨ ਜਿਸ ਕਾਰਨ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਹ ਤੂਫ਼ਾਨ ਦੁਪਹਿਰ ਤੱਕ ਉੜੀਸਾ ਦੇ ਪਾਰਾਦੀਪ ਅਤੇ ਸਾਗਰ ਆਈਲੈਂਡ ਤੋਂ ਲੰਘਦਾ ਹੋਇਆ ਛੇ ਰਾਜਾਂ ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਉੜੀਸਾ, ਤਾਮਿਲਨਾਡੂ ਅਤੇ ਕਰਨਾਟਕ ਵਿੱਚ ਤਬਾਹੀ ਮਚਾ ਸਕਦਾ ਹੈ ਜਿਸ ਕਾਰਨ ਇਥੇ ਮੌਸਮ ਵਿਭਾਗ ਵੱਲੋਂ ਭਾਰੀ ਅਤੇ ਤੇਜ਼ ਮੀਂਹ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ ਅਤੇ ਸਾਵਧਾਨ ਹੋਣ ਦੀ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਐਨਡੀਆਰਐਫ਼ ਦੀਆਂ ਟੀਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਏਅਰਫ਼ੋਰਸ ਅਤੇ ਨੇਵੀ ਵੀ ਆਪਣੇ ਕਮਰਕਸੇ ਕਰ ਲਏ ਹਨ। ਏਅਰਫ਼ੋਰਸ ਅਤੇ ਨੇਵੀ ਵੱਲੋਂ ਹੈਲੀਕਾਪਟਰ ਅਤੇ ਕਿਸ਼ਤੀਆਂ ਦੀ ਤਾਇਨਾਤੀ ਕੀਤੀ ਗਈ ਹੈ। ਉੜੀਸਾ ਵਿੱਚ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਤਬਦੀਲ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਯਾਸ ਤੂਫ਼ਾਨ ਦੁਪਹਿਰ ਤਕ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ। ਯਾਸ ਤੂਫ਼ਾਨ ਕਾਰਨ ਜਾਰੀ ਕੀਤੇ ਅਲਰਟ ਕਾਰਨ ਕੋਲਕਾਤਾ ਏਅਰ ਪੋਰਟ ਨੂੰ ਰੱਖਣ ਦੇ ਨਾਲ ਕੋਲਕਾਤਾ ਦੇ ਲਈ ਚੱਲ ਵਾਲੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਰੂਟ ’ਤੇ ਚੱਲਣ ਵਾਲੀਆਂ ਰੇਲ ਗੱਡੀਆਂ 29 ਮਈ ਤਕ ਰੱਦ ਕਰ ਦਿਤੀਆਂ ਹਨ। ਰੇਲਵੇ ਨੇ ਤੂਫ਼ਾਨ ਦੇ ਖ਼ਤਰੇ ਨੂੰ ਵੇਖਦਿਆਂ ਸਟੇਸ਼ਨਾਂ ’ਤੇ ਖੜੀਆਂ ਰੇਲ ਗੱਡੀਆਂ ਨੂੰ ਪੱਟੜੀਆਂ ਦੇ ਨਾਲ ਬੰਨ੍ਹ ਦਿੱਤਾ ਹੈ।