ਟੋਕੀਓ : ਜਾਪਾਨ ਵਿਚ ਕੋਰੋਨਾ ਵਾਇਰਸ ਬੇਕਾਬੂ ਹੋ ਚੁੱਕਾ ਹੈ। ਇਸ ਮਹਾਂਮਾਰੀ ਕਾਰਨ ਓਸਾਕਾ ਵਿਚ ਬੈਡਾਂ ਦੀ ਕਮੀ ਹੋ ਗਈ ਹੈ। ਮਰੀਜ਼ਾਂ ਨੁੂੰ ਹਸਪਤਾਲਾਂ ਵਿਚ ਵੈਂਟੀਲੇਟਰ ਵੀ ਨਹੀਂ ਮਿਲ ਰਹੇ ਜਿਸ ਕਾਰਨ ਇਸ ਦੇਸ਼ ਵਿਚ ਜੁਲਾਈ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਤੇ ਖ਼ਤਰਾ ਮੰਡਰਾ ਰਿਹਾ ਹੈ। ਕੋਰੋਨਾ ਨੂੰ ਵੇਖਦਿਆਂ ਅਮਰੀਕਾ ਨੇ ਅਪਣੇ ਯਾਤਰੀਆਂ ਨੂੰ ਜਾਪਾਨ ਨਾ ਜਾਣ ਦੀ ਸਲਾਹ ਦਿਤੀ ਹੈ। ਜਾਪਾਨ ਦੇ ਦੂਜੇ ਵੱਡੇ ਸ਼ਹਿਰ ਓਸਾਕਾ ਵਿਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਜਾਪਾਨ ਵਿਚ ਕੋਰੋਨਾ ਕਾਰਨ ਹੋਈਆਂ ਕੁਲ ਮੌਤਾਂ ਵਿਚੋਂ 30 ਫ਼ੀਸਦੀ ਮੌਤਾਂ ਓਸਾਕਾ ਵਿਚ ਹੋਈਆਂ ਹਨ ਜਦਕਿ ਇਸ ਸੂਬੇ ਵਿਚ ਪੂਰੇ ਦੇਸ਼ ਦੀ ਸਿਰਫ਼ 7 ਫ਼ੀਸਦੀ ਆਬਾਦੀ ਰਹਿੰਦੀ ਹੈ। ਰੀਪੋਰਟਾਂ ਮੁਤਾਬਕ ਓਸਾਕਾ ਦੇ ਹਸਪਤਾਲਾਂ ਵਿਚ ਸਿਰਫ਼ 4 ਫ਼ੀਸਦੀ ਬੈਡ ਹੀ ਖ਼ਾਲੀ ਹਨ। ਤੇਜ਼ੀ ਨਾਲ ਵਧਦੇ ਮਾਮਲਿਆਂ ਕਾਰਨ ਹਸਪਤਾਲਾਂ ਵਿਚ ਦਵਾਈਆਂ ਦਾ ਸਟਾਕ ਵੀ ਖ਼ਤਮ ਹੋ ਗਿਆ ਹੈ। ਡਾਕਟਰਾਂ ਨੇ ਜੁਲਾਈ ਵਿਚ ਹੋਣ ਵਾਲੀਆਂ ਖੇਡਾਂ ਨੂੰ ਟਾਲਣ ਦੀ ਸਲਾਹ ਦਿਤੀ ਹੈ। ਕੋਵਿਡ ਕਾਰਨ ਸਥਾਨਕ ਨਾਗਰਿਕ ਕਾਫ਼ੀ ਗੁੱਸੇ ਵਿਚ ਹਨ। ਉਹ ਖੇਡਾਂ ਨੂੰ ਟਾਲਣ ਦੀ ਮੰਗ ਕਰ ਰਹੇ ਹਨ। ਜੇ ਖੇਡਾਂ ਰੱਦ ਕਰ ਦਿਤੀਆਂ ਜਾਂਦੀਆਂ ਹਨ ਤਾਂ ਦੇਸ਼ ਵਿਚ 1.23 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਖੇਡਾਂ ਵਿਚ ਲਗਭਗ 80000 ਲੋਕਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਸਥਾਨਕ ਨਾਗਰਿਕਾਂ ਨੂੰ ਡਰ ਹੈ ਕਿ ਵਿਦੇਸ਼ੀਆਂ ਦੇ ਆਉਣ ਨਾਲ ਇਹ ਬੀਮਾਰੀ ਹੋਰ ਤੇਜ਼ੀ ਨਾਲ ਫੈਲ ਸਕਦੀ ਹੈ, ਇਸ ਲਈ ਖੇਡਾਂ ਰੱਦ ਕਰ ਦਿਤੀਆਂ ਜਾਣੀਆਂ ਚਾਹੀਦੀਆਂ ਹਨ।