ਨਵੀਂ ਦਿੱਲੀ : ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਹੱਦਾਂ ’ਤੇ ਪ੍ਰਦਰਸ਼ਨਾਂ ਕਰ ਰਹੇ ਕਿਸਾਨਾਂ ਨੇ ਅਪਣੇ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ’ਤੇ ਅੱਜ ਕਾਲਾ ਦਿਵਸ ਮਨਾਇਆ ਅਤੇ ਇਸ ਦੌਰਾਨ ਉਨ੍ਹਾਂ ਕਾਲੇ ਝੰਡੇ ਲਹਿਰਾਏ, ਸਰਕਾਰ ਵਿਰੋਧੀ ਨਾਹਰੇ ਲਾਏ, ਪੁਤਲੇ ਸਾੜੇ ਅਤੇ ਪ੍ਰਦਰਸ਼ਨ ਕੀਤਾ। ਗਾਜ਼ੀਪੁਰ ਵਿਚ ਪ੍ਰਦਰਸ਼ਨ ਸਥਾਨ ’ਤੇ ਥੋੜੀ ਅਰਾਜਕਤਾ ਦੀ ਵੀ ਖ਼ਬਰ ਹੈ, ਜਿਥੇ ਕਿਸਾਨਾਂ ਨੇ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਵਿਚਾਲੇ ਕੇਂਦਰ ਸਰਕਾਰ ਦਾ ਪੁਤਲਾ ਜਲਾਇਆ। ਪੰਜਾਬ ਵਿਚ ਵੀ ਵੱਖ ਵੱਖ ਥਾਈਂ ਕਿਸਾਨਾਂ ਅਤੇ ਆਮ ਲੋਕਾਂ ਨੇ ਅਪਣੇ ਘਰਾਂ ਉਪਰ ਕਾਲੇ ਝੰਡੇ ਲਾਏ। ‘ਕਾਲਾ ਦਿਵਸ’ ਪ੍ਰਦਰਸ਼ਨ ਤਹਿਤ ਕਿਸਾਨਾਂ ਨੇ ਤਿੰਨ ਸਰਹੱਦ ਖੇਤਰਾਂ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ’ਤੇ ਕਾਲੇ ਝੰਡੇ ਲਹਿਰਾਏ ਅਤੇ ਆਗੂਆਂ ਦੇ ਪੁਤਲੇ ਸਾੜੇ। ਦਿੱਲੀ ਪੁਲਿਸ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਲਾਗ ਦੇ ਹਾਲਾਤ ਅਤੇ ਲਾਗੂ ਤਾਲਾਬੰਦੀ ਦੇ ਮੱਦੇਨਜ਼ਰ ਇਕੱਠੇ ਨਹੀਂ ਹੋਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਪ੍ਰਦਰਸ਼ਨ ਥਾਂ ’ਤੇ ਕਿਸੇ ਵੀ ਸਥਿਤੀ ਨਾਲ ਸਿੱਝਣ ਲਈ ਸਖ਼ਤ ਨਜ਼ਰ ਰੱਖੀ ਹੋਈ ਹੈ। ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਨਾ ਕੇਵਲ ਪ੍ਰਦਰਸ਼ਨ ਸਥਾਨ ’ਤੇ ਸਗੋਂ ਹਰਿਆਣਾ, ਪੰਜਾਬ ਅਤੇ ਯੂਪੀ ਦੇ ਪਿੰਡਾਂ ਵਿਚ ਵੀ ਕਾਲੇ ਝੰਡੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਪੇਂਡੂਆਂ ਨੇ ਅਪਣੇ ਘਰਾਂ ਅਤੇ ਵਾਹਨਾਂ ’ਤੇ ਵੀ ਕਾਲੇ ਝੰਡੇ ਲਾਏ ਹਨ। ਮਹਿਮਾ ਨੇ ਕਿਹਾ, ‘ਸਰਕਾਰ ਦੇ ਆਗੂਆਂ ਦੇ ਪੁਤਲੇ ਸਾੜੇ ਗਏ। ਅੱਜ ਦਾ ਦਿਨ ਇਹ ਗੱਲ ਦੁਹਰਾਉਣ ਦਾ ਹੈ ਕਿ ਸਾਨੂੰ ਪ੍ਰਦਰਸ਼ਨ ਕਰਦੇ ਹੋਏ ਛੇ ਮਹੀਨੇ ਹੋ ਗਏ ਹਨ ਪਰ ਸਰਕਾਰ ਜਿਸ ਦੇ ਕਾਰਜਕਾਲ ਦੇ ਅੱਜ ਸੱਤ ਸਾਲ ਪੂਰੇ ਹੋ ਗਏ, ਉਹ ਸਾਡੀ ਗੱਲ ਨਹੀਂ ਸੁਣ ਰਹੀ ਹੈ।’