ਸੁਨਾਮ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਸਾਲ 2025-26 ਦੇ ਬਜ਼ਟ ਵਿੱਚ ਪੰਜਾਬ ਦੇ ਛੇ ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਫਿਰ ਅਣਦੇਖੀ ਕੀਤੀ ਗਈ ਹੈ। ਮੌਜੂਦਾ ਸਰਕਾਰ ਦੇ ਚੌਥੇ ਬਜ਼ਟ ਵਿੱਚ ਵੀ ਮੁਲਾਜਮ ਵਰਗ ਦੇ ਪੱਲੇ ਨਿਰਾਸ਼ਾ ਪਾਈ ਹੈ। ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਮੰਗਵਾਲ ਨੇ ਕਿਹਾ ਕਿ ਬਦਲਾਅ ਦੇ ਸਬਜ਼ਬਾਗ ਦਿਖਾ ਕੇ ਸੱਤਾ ਵਿੱਚ ਆਈ ਸਰਕਾਰ ਨੇ ਮੁਲਾਜ਼ਮ ਵਰਗ ਦੀਆਂ ਮੁੱਖ ਮੰਗਾਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਤਰੁਟੀਆਂ, ਕੈਟਾਗਿਰੀ ਮੁਤਾਬਿਕ ਸਕੇਲ, ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨ, ਕੱਟੇ ਭੱਤੇ ਬਹਾਲ ਕਰਨ ਸਮੇਤ ਅਠਾਰਾਂ ਸਾਲਾਂ ਤੋਂ ਕੰਟਰੈਕਟ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਐਲਾਨ ਬਜਟ ਵਿੱਚ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਇਸ ਸਰਕਾਰ ਨੂੰ ਬੜੇ ਚਾਅ ਨਾਲ ਸੱਤਾ ਵਿੱਚ ਲਿਆਉਣ ਲਈ ਅੱਗੇ ਆਇਆ ਸੀ ਲੇਕਿਨ ਪੱਲੇ ਨਿਰਾਸ਼ਾ ਹੀ ਪਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਰਕਾਰ ਨੂੰ ਜਗਾਉਣ ਲਈ ਚੰਡੀਗੜ੍ਹ ਵੀ ਸਾਂਝੇ ਫਰੰਟ ਵੱਲੋਂ ਦੋ ਦਿਨ ਰੈਲੀਆਂ ਕੀਤੀਆ ਗਈਆ ਬਾਵਜੂਦ ਇਸਦੇ ਸਰਕਾਰ ਫਿਰ ਵੀ ਜਾਗੀ ਨਹੀ। ਜਥੇਬੰਦੀ ਦੇ ਆਗੂ ਗੁਰਪ੍ਰੀਤ ਸਿੰਘ ਮੰਗਵਾਲ ਨੇ ਕਿਹਾ ਕਿ ਵੀਰਵਾਰ 27 ਮਾਰਚ ਨੂੰ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਬਜ਼ਟ ਦੀਆਂ ਕਾਪੀਆਂ ਸਾੜਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਜਾਵੇਗਾ।