ਸੂਬਿਆਂ ਦੀ ਬਿਹਤਰੀ ਲਈ ਖੇਤਰੀ ਪਾਰਟੀਆਂ ਦੀ ਹੋਂਦ ਜ਼ਰੂਰੀ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਲੋਕ ਸਰਕਾਰਾਂ ਦੇ ਜ਼ਬਰ ਅਤੇ ਜ਼ੁਲਮਾਂ ਨੂੰ ਬਰਦਾਸ਼ਤ ਕਰ ਲੈਂਦੇ ਹਨ ਪਰ ਸਮਾਂ ਆਉਣ ’ਤੇ ਜਵਾਬ ਜ਼ਰੂਰ ਦਿੰਦੇ ਹਨ। ਪੰਜਾਬ ਦੇ ਲੋਕ ਸਰਕਾਰ ਦੇ ਜ਼ੁਲਮਾਂ ਦਾ ਜਵਾਬ ਦੇਣਗੇ ਅਤੇ ਹਿਸਾਬ ਵੀ ਲੈਣਗੇ। ਸਰਕਾਰਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਹਾਕਮਾਂ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਬੁੱਧਵਾਰ ਨੂੰ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਸਿਆਸੀ ਆਗੂ ਧਰਨੇ-ਮੁਜ਼ਾਹਰੇ ਨੂੰ ਲੋਕਤੰਤਰੀ ਹੱਕ ਦੱਸਦੇ ਹਨ ਪਰ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਧਰਨੇ-ਮੁਜ਼ਾਹਰੇ ਡੰਗ ਟਪਾਉਂਦੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚੋਂ ਸਰਕਾਰ ਚਲਾਉਣ ਦਾ ਦਾਅਵਾ ਕਰਨ ਵਾਲੇ ਦੱਸਣ ਕਿ ਹੁਣ ਸਰਕਾਰਾਂ ਵੱਡੇ ਮਹਿਲ ਅਤੇ ਦਿੱਲੀ ਤੋਂ ਕਿਉਂ ਚੱਲ ਰਹੀਆਂ ਹਨ। ਲੋਕਤੰਤਰੀ ਪ੍ਰਣਾਲੀ ਨੂੰ ਕਿਉਂ ਤਬਾਹ ਕੀਤਾ ਜਾ ਰਿਹਾ ਹੈ? ਕਿਸਾਨਾਂ 'ਤੇ ਅਜਿਹੇ ਅੱਤਿਆਚਾਰ ਕਰਨਾ ਬੇਹੱਦ ਖਤਰਨਾਕ ਹੈ। ਬੁਲਡੋਜ਼ਰ ਚਲਾਏ ਜਾ ਰਹੇ ਹਨ ਕਿਸਾਨਾਂ ਦੇ ਟੈਂਟ ਉਖਾੜ ਦਿੱਤੇ ਗਏ ਹਨ ਅਤੇ ਤਾਨਾਸ਼ਾਹੀ ਰਾਜ ਸਥਾਪਿਤ ਕੀਤਾ ਗਿਆ ਹੈ। ਇਹ ਅਤਿ ਨਿੰਦਣਯੋਗ ਵਰਤਾਰਾ ਹੈ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਦਿੱਲੀ ਤੋਂ ਰਾਸ਼ਟਰੀ ਪਾਰਟੀਆਂ ਦੀਆਂ ਸਰਕਾਰਾਂ ਚਲਦੀਆਂ ਰਹੀਆਂ ਹਨ ਲੇਕਿਨ ਦਿੱਲੀ ਦੀ ਸਰਕਾਰ ਅਮਰੀਕਾ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਸੂਬਿਆਂ ਦੀ ਬਿਹਤਰੀ ਲਈ ਖੇਤਰੀ ਪਾਰਟੀਆਂ ਦੀ ਲੋੜ ਹੈ ਅਤੇ ਪੰਜਾਬ ਨੂੰ ਵੀ ਮਜ਼ਬੂਤ ਖੇਤਰੀ ਪਾਰਟੀਆਂ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਖੇਤਰੀ ਪਾਰਟੀਆਂ ਮਜ਼ਬੂਤ ਹੋਣ, ਲੋਕਾਂ ਦਾ ਦਿਲ ਜਿੱਤਣ ਵੱਲ ਕਦਮ ਵਧਾਉਣ। ਉਨ੍ਹਾਂ ਸੂਬਾ ਸਰਕਾਰ ਤੇ ਵਾਅਦਾ ਖਿਲਾਫੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਤੁਹਾਨੂੰ ਇਹ ਮੌਕਾ ਮਿਲਿਆ ਸੀ ਪਰ ਸੱਤਾ ਦੇ ਨਸ਼ੇ ਵਿੱਚ ਤੁਸੀਂ ਇਹ ਮੌਕਾ ਬਰਬਾਦ ਕਰ ਦਿੱਤਾ ਹੈ। ਹੁਣ ਸਭ ਕੁੱਝ ਸਾਫ਼-ਸਾਫ਼ ਕੰਧ 'ਤੇ ਲਿਖਿਆ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਘਰਸ਼ ਨੂੰ ਜ਼ਬਰੀ ਨਹੀਂ ਦਬਾਇਆ ਜਾ ਸਕਦਾ, ਸਰਕਾਰਾਂ ਭੁਲੇਖੇ ਵਿੱਚ ਰਹਿੰਦੀਆਂ ਹਨ।