ਨਵੀਂ ਦਿੱਲੀ : ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਉਦਯੋਗਪਤੀ ਬਾਬਾ ਰਾਮਦੇਵ ’ਤੇ ਕੋਰੋਨਾ ਟੀਕਾਕਰਨ ਬਾਰੇ ਗ਼ਲਤ ਸੂਚਨਾ ਫੈਲਾਉਣ ਦਾ ਦੋਸ਼ ਲਾਇਆ ਹੈ। ਐਸੋਸੀਏਸ਼ਨ ਨੇ ਇਸ ਬਾਬਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਰਾਮਦੇਵ ਵਿਰੁਧ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਲਿਖਿਆ ਗਿਆ ਹੈ, ‘ਇਕ ਵੀਡੀਓ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਦੇ ਬਾਵਜੂਦ 10000 ਡਾਕਟਰ ਅਤੇ ਲੱਖਾਂ ਲੋਕ ਮਾਰੇ ਗਏ ਹਨ, ਇਸ ਲਈ ਰਾਮਦੇਵ ਵਿਰੁਧ ਦੇਸ਼ਧ੍ਰੋਹ ਦੇ ਦੋਸ਼ ਹੇਠ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’ ਦੂਜੇ ਪਾਸੇ ਐਸੋਸੀਏਸ਼ਨ ਨੇ ਰਾਮਦੇਵ ਨੂੰ ਐਲੋਪੈਥੀ ਅਤੇ ਐਲੋਪੈਥੀ ਡਾਕਟਰਾਂ ਬਾਰੇ ਅਪਮਾਨਜਨਕ ਟਿਪਣੀ ਕਰਨ ਲਈ ਉਸ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਸੰਸਥਾ ਨੇ ਰਾਮਦੇਵ ਕੋਲੋਂ 15 ਦਿਨਾਂ ਅੰਦਰ ਮਾਫ਼ੀ ਮੰਗਣ ਜਾਂ 1000 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਲਈ ਤਿਆਰ ਰਹਿਣ ਨੂੰ ਕਿਹਾ ਹੈ। ਸੰਸਥਾ ਨੇ ਰਾਮਦੇਵ ਦੀ ਟਿਪਣੀ ਨੂੰ ਐਲੋਪੈਥੀ ਅਤੇ ਐਸੋਸੀਏਸ਼ਨ ਨਾਲ ਜੁੜੇ ਕਰੀਬ 2000 ਡਾਕਟਰਾਂ ਦੇ ਵੱਕਾਰ ਅਤੇ ਅਕਸ ਲਈ ਨੁਕਸਾਨਦੇਹ ਦਸਿਆ ਹੈ। ਕਿਹਾ ਗਿਆ ਹੈ ਕਿ ਸਰਕਾਰ ਫ਼ੌਰੀ ਤੌਰ ’ਤੇ ਕਾਰਵਾਈ ਕਰਦਿਆਂ ਰਾਮਦੇਵ ਵਿਰੁਧ ਦੇਸ਼ਧ੍ਰੋਹ ਦਾ ਕੇਸ ਦਰਜ ਕਰੇ।