ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਾਲ 2025-26 ਦੇ ਪੇਸ਼ ਕੀਤੇ ਬਜਟ ਵਿੱਚ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਕੀਤੀ ਅਣਦੇਖੀ ਤੋਂ ਨਿਰਾਸ਼ ਪੈਰਾ ਮੈਡੀਕਲ ਮੁਲਾਜ਼ਮਾਂ ਨੇ ਵੀਰਵਾਰ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਬਜ਼ਟ ਦੀਆਂ ਕਾਪੀਆਂ ਸਾੜਕੇ ਰੋਸ ਜ਼ਾਹਿਰ ਕੀਤਾ। ਇਸ ਮੌਕੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਮਲਟੀ ਪਰਪਜ਼ ਕੇਡਰ ਦੇ ਜ਼ਿਲ੍ਹਾ ਕਨਵੀਨਰ ਬਲਜਿੰਦਰ ਕੌਰ ਸੁਨਾਮ, ਜਗਸੀਰ ਸਿੰਘ ਭੰਮਾਬੱਦੀ, ਡਾਕਟਰ ਪ੍ਰਭਜੋਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੱਕਠੇ ਹੋਏ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਚੌਥੇ ਬਜ਼ਟ ਵਿੱਚ ਵੀ ਮੁਲਾਜਮ ਵਰਗ ਦੇ ਪੱਲੇ ਨਿਰਾਸ਼ਾ ਪਈ ਹੈ। ਮੁਲਾਜ਼ਮ ਵਰਗ ਦੀਆਂ ਮੁੱਖ ਮੰਗਾਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਤਰੁਟੀਆਂ, ਕੈਟਾਗਿਰੀ ਮੁਤਾਬਕ ਸਕੇਲ, ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨ, ਕੇਂਦਰੀ ਸਕੇਲ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਨ, ਪਰਖ ਅਧੀਨ ਸਮੇਂ ਪੂਰੀਆਂ ਤਨਖਾਹਾਂ ਦੇਣ ਕੱਟੇ ਭੱਤੇ ਬਹਾਲ ਕਰਨ, ਕੰਟਰੈਕਟ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਐਲਾਨ ਬਜਟ ਵਿੱਚ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਸਰਕਾਰ ਬਣਨ ਉਪਰੰਤ ਸਾਰੀਆਂ ਮੰਗਾਂ ਨੂੰ ਵਿਸਾਰ ਦਿੱਤਾ ਗਿਆ ਹੈ। ਇਸ ਮੌਕੇ ਸਰਬਜੀਤ ਕੌਰ, ਗੁਰਤੇਜ ਸਿੰਘ, ਮਨਜੀਤ ਸਿੰਘ, ਕੁਲਦੀਪ ਗਰਗ, ਰਣਬੀਰ ਸਿੰਘ, ਮੈਡਮ ਕਿਰਨਾ ਬਾਲਾ, ਸੁਖਚੈਨ ਸਿੰਘ, ਰਵਿੰਦਰ ਸਿੰਘ, ਪੁਸ਼ਵਿੰਦਰ ਸਿੰਘ, ਮਨਪ੍ਰੀਤ ਕੌਰ, ਅੰਮ੍ਰਿਤਪਾਲ ਕੌਰ, ਰਿੰਪੀ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ।