ਸੁਨਾਮ ਵਿਖੇ ਫਲਾਈਓਵਰ ਕੋਲ ਖੜ੍ਹੇ ਟਰਾਲੇ
ਸੁਨਾਮ--ਸੁਨਾਮ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੁਨਾਮ ਵਿਖੇ ਅੰਡਰ ਬਰਿੱਜ ਦਾ ਕੰਮ ਚੱਲਣ ਕਾਰਨ ਜਿਆਦਾਤਰ ਟ੍ਰੈਫਿਕ ਸਥਾਨਕ ਨਗਰ ਕੌਂਸਲ ਨੇੜਲੇ ਓਵਰਬ੍ਰਿਜ ਕੋਲ ਹੋਕੇ ਲੰਘ ਰਹੀ ਹੈ ਪਰੰਤੂ ਇੱਥੇ ਪੱਕੇ ਤੋਰ 'ਤੇ ਖੜਦੇ ਟਰਾਲਿਆਂ ਕਾਰਨ ਆਵਾਜਾਈ ਦੇ ਦੂਜੇ ਵਹੀਕਲਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ, ਹਰ ਵੇਲੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਸੜਕ ਦੇ ਇੱਕ ਪਾਸੇ ਨਗਰ ਕੌਂਸਲ ਵੱਲੋਂ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਚਲ ਰਿਹਾ ਅਤੇ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਟਰਾਲੇ ਖੜੇ ਹੋਏ ਹਨ ਆਮ ਰਾਹਗੀਰ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾਕੇ ਇਸ ਸਰਵਿਸ ਰੋਡ ਤੋਂ ਲੰਘ ਰਹੇ ਹਨ। ਬਾਵਜੂਦ ਇਸਦੇ ਟਰੈਫਿਕ ਪੁਲਿਸ ਖ਼ਾਮੋਸ਼ ਦਿਖਾਈ ਦੇ ਰਹੀ ਹੈ। ਰਾਹਗੀਰ ਟਰੈਫਿਕ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਰਹੇ ਹਨ। ਜਿੱਥੇ ਨਗਰ ਕੌਂਸਲ ਵੱਲੋਂ ਫਲਾਈਓਵਰ ਦੇ ਹੇਠਾਂ ਲੱਖਾਂ ਰੁਪਏ ਖਰਚ ਕੇ ਸੋਹਣਾ ਪਾਰਕ ਬਣਾਇਆ ਜਾ ਰਿਹਾ ਜਿਸ ਦੀ ਲੋਕ ਤਾਰੀਫ ਕਰ ਰਹੇ ਹਨ ਉੱਥੇ ਹੀ ਲੰਘਣ ਵਾਲੇ ਰਾਹਗੀਰ ਟ੍ਰੈਫਿਕ ਪੁਲਿਸ ਦੇ ਮਾੜੇ ਪ੍ਰਬੰਧਾਂ ਨੂੰ ਵੀ ਕੋਸ ਰਹੇ ਹਨ। ਜਦੋਂ ਇਸ ਸਬੰਧੀ ਸ਼ਹਿਰ ਦੇ ਵਸਿੰਦਿਆ ਸਣੇ ਹੋਰ ਰਾਹਗੀਰਾਂ ਨਾਲ ਗੱਲ ਕੀਤੀ ਤਾਂ ਉਨ੍ਹਾ ਦਾ ਕਹਿਣਾ ਸੀ ਕਿ ਸੁਨਾਮ ਦੀ ਟ੍ਰੈਫਿਕ ਪੁਲਿਸ ਨੇ ਆਪਣੀ ਜਿੰਮੇਵਾਰੀ ਨੂੰ ਸਿਰਫ ਆਈ ਟੀ ਆਈ ਚੌਂਕ ਵਿੱਚ ਨਾਕੇ ਲਗਾਉਣ ਤੱਕ ਹੀ ਸੀਮਤ ਕਰ ਕੇ ਰੱਖ ਲਿਆ ਹੈ, ਬਾਕੀ ਸ਼ਹਿਰ ਵਿੱਚ ਕੀ ਹੋ ਰਿਹਾ ਹੈ ਇਸ ਦੀ ਚਿੰਤਾ ਨਹੀਂ ? ਓਵਰਬ੍ਰਿਜ ਕੋਲ ਟ੍ਰੈਫਿਕ ਜਿਆਦਾ ਹੋਣ ਕਾਰਨ ਕਿਸੇ ਵੇਲੇ ਵੀ ਜਾਨੀ ਨੁਕਸਾਨ ਹੋ ਸਕਦਾ ਹੈ। ਇਹ ਮਾਮਲਾ ਜਦੋਂ ਟ੍ਰੈਫਿਕ ਇੰਚਾਰਜ਼ ਨਿਰਭੈ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਤੇ ਚਾਹ ਪੀ ਰਹੇ ਹਨ ਅਤੇ ਦੋ ਮਿੰਟਾਂ 'ਚ ਮੌਕੇ 'ਤੇ ਪੁੱਜ ਕੇ ਟਰਾਲਿਆਂ ਨੂੰ ਹਟਾ ਦਿੱਤਾ ਜਾਵੇਗਾ ਪਰੰਤੂ ਸ਼ਾਮ ਤੱਕ ਵੀ ਟ੍ਰੈਫਿਕ ਸਮੱਸਿਆ ਜਿਉਂ ਦੀ ਤਿਉਂ ਬਣੀ ਰਹੀ, ਅਤੇ ਟ੍ਰੈਫਿਕ ਇੰਚਾਰਜ਼ ਦਾ ਮੌਕੇ 'ਤੇ ਨਾ ਆਉਣਾ ਭੇਦ ਬਣਿਆ ਰਿਹਾ। ਟਰਾਲੇ ਵੀਰਵਾਰ ਨੂੰ ਵੀ ਉਸੇ ਹਾਲਤ ਵਿੱਚ ਖ਼ੜ੍ਹੇ ਰਹੇ।