ਕਿਹਾ, ਉਦਮੀਆਂ ਨੂੰ ਰੈਗੂਲੇਟਰੀ ਕਲੀਅਰੈਂਸ ਲੈਣ 'ਚ ਕੋਈ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ
ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ, ਮਿਥੇ ਸਮੇਂ 'ਚ ਦਿੱਤੀਆਂ ਜਾਣ ਲੋੜੀਂਦੀਆਂ ਪ੍ਰਵਾਨਗੀਆਂ
ਪਟਿਆਲਾ : ''ਪੰਜਾਬ ਸਰਕਾਰ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਭਰ 'ਚ ਨਵੇਂ ਉਦਮੀਆਂ ਲਈ ਨਿਵੇਸ਼ ਪੱਖੀ ਮਾਹੌਲ ਸਿਰਜਿਆ ਹੈ, ਉਥੇ ਹੀ ਪਟਿਆਲਾ ਜ਼ਿਲ੍ਹੇ 'ਚ ਵੀ ਨਿਵੇਸ਼ ਲਈ ਸਾਜ਼ਗਾਰ ਪ੍ਰਦਾਨ ਕੀਤਾ ਗਿਆ ਹੈ ਤਾਂ ਕਿ ਨਵੇਂ ਉਦਮੀਆਂ ਨੂੰ ਆਪਣੇ ਉਦਯੋਗ ਲਗਾਉਣ ਲਈ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਾ ਪੇਸ਼ ਆਵੇ।'' ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਇਨਵੈਸਟ ਪੰਜਾਬ ਬਿਜਨੈਸ ਫਰਸਟ ਪੋਰਟਲ ਅਤੇ ਰੈਗੂਲੇਟਰੀ ਕਲੀਰੈਂਸ ਦੀਆਂ ਅਰਜੀਆਂ ਦੇ ਨਿਪਟਾਰੇ ਸਬੰਧੀ ਵੱਖ-ਵੱਖ ਉਦਮੀਆਂ ਦੀ ਸੁਣਵਾਈ ਕਰਦਿਆਂ ਕੀਤਾ।
ਅੱਜ ਦੀ ਇਸ ਬੈਠਕ ਦੌਰਾਨ ਸਹਾਇਕ ਕਿਰਤ ਕਮਿਸ਼ਨਰ ਕੋਲ ਲੰਬਿਤ ਪਈਆਂ 14 ਅਰਜੀਆਂ ਦਾ ਮੌਕੇ 'ਤੇ ਨਿਪਟਾਰਾ ਕਰਵਾਇਆ ਗਿਆ। ਜਦੋਂਕਿ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਦੇ ਦਫ਼ਤਰ ਵੱਲੋਂ 2 ਰਾਈਟ ਟੂ ਬਿਜਨੈਸ ਐਪਲੀਕੇਸ਼ਨਜ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ ਦੇ ਦਫ਼ਤਰ ਵੱਲੋਂ 5 ਦਰਖਾਸਤਾਂ ਦਾ ਨਿਪਟਾਰਾ ਮੌਕੇ 'ਤੇ ਕੀਤਾ ਗਿਆ।
ਇਸ ਮੌਕੇ ਜਿਹੜੇ ਉਦਮੀਆਂ ਦੀਆਂ ਅਰਜੀਆਂ ਦਾ ਨਿਪਟਾਰਾ ਕੀਤਾ ਗਿਆ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿੱਚ ਸਨਅਤਾਂ ਪੱਖੀ ਮਾਹੌਲ ਸਿਰਜਿਆ ਹੈ, ਜਿਸ ਲਈ ਪ੍ਰਸ਼ਾਸਨ ਵੱਲੋਂ ਉਦਮੀਆਂ ਨੂੰ ਨਿਵੇਸ਼ ਕਰਨ 'ਚ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਂਦੀ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਨਵੈਸਟ ਪੰਜਾਬ ਪੋਰਟਲ ਸਬੰਧੀਂ ਉਦਮੀਆਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀਂ ਫੀਡ ਬੈਕ ਲੈਕੇ ਸਬੰਧਤ ਵਿਭਾਗਾਂ ਨਾਲ ਰਾਬਤਾ ਕਰਕੇ ਇਨ੍ਹਾਂ ਦਾ ਤੁਰੰਤ ਹੱਲ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਦਫ਼ਤਰ ਵਿਖੇ ਹਰੇਕ ਮੰਗਲਵਾਰ ਨੂੰ ਅਜਿਹੇ ਕੈਂਪ ਲਗਾਇਆ ਕਰਨਗੇ ਤਾਂ ਕਿ ਉਦਮੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਦੇ ਉਦਮੀਆਂ ਨੂੰ ਭਰੋਸਾ ਦਿੱਤਾ ਕਿ ਉਦਯੋਗਿਕ ਇਕਾਈਆਂ ਨੂੰ ਬਿਜਨੈਸ ਫਰਸਟ ਪੋਰਟਲ ਸਬੰਧੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਜਿਨ੍ਹਾਂ ਕੋਲ ਨਿਵੇਸ਼ ਕਰਨ ਵਾਲੇ ਉਦਮੀਆਂ ਵੱਲੋਂ ਵੈਬਸਾਇਟ ਪੀਬੀਇੰਡਸਟਰੀਜ ਡਾਟ ਜੀਓਵੀ ਡਾਟ ਇਨ ਅਤੇ ਬਿਜਨਸ ਫਰਸਟ ਪੋਰਟਲ ਉਪਰ ਦਾਖਲ ਕੀਤੀਆਂ ਜਾਣ ਵਾਲੀਆਂ ਰੈਗੂਲੇਟਰੀ ਕਲੀਅਰੈਂਸਸ ਪੁੱਜਦੀਆਂ ਹਨ, ਨੂੰ ਮਿਥੇ ਸਮੇਂ ਅੰਦਰ ਪੂਰਾ ਕਰਕੇ ਐਨ.ਓ.ਸੀਜ ਦੇਣ ਲਈ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਫੀਲਡ ਅਫ਼ਸਰ ਡਾ. ਨਵਨੀਤ ਸ਼ਰਮਾ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਅੰਗਦ ਸਿੰਘ ਸੋਹੀ, ਡਿਪਟੀ ਡਾਇਰੈਕਟਰ ਫੈਕਟਰੀਜ ਮੋਹਿਤ ਸਿੰਗਲਾ, ਸਹਾਇਕ ਕਿਰਤ ਕਮਿਸ਼ਨਰ ਜਸਬੀਰ ਸਿੰਘ ਖਰੌੜ ਸਮੇਤ ਹੋਰ ਵਿਭਾਗਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਸ ਮੌਕੇ ਉਦਮੀਆਂ ਨੂੰ ਸਬੰਧਤ ਵਿਭਾਗਾਂ ਦੇ ਕਰਮਚਾਰੀਆਂ ਨੇ ਇਨਵੈਸਟ ਪੰਜਾਬ ਪੋਰਟਲ ਸਬੰਧੀ ਵਧੇਰੇ ਜਾਣਕਾਰੀ ਵੀ ਪ੍ਰਦਾਨ ਕੀਤੀ।