ਨਵੀਂ ਦਿੱਲੀ : ਦਿੱਲੀ ਦੇ ਯੂਟਿਊਬਰ ਗੌਰਵ ਜੋਨ ਨੂੰ ਅਪਣੇ ਪਾਲਤੂ ਕੁੱਤੇ ਨੂੰ ਹਵਾ ਵਿਚ ਉਡਾਉਣਾ ਮਹਿੰਗਾ ਪੈ ਗਿਆ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁਧ ਪਸ਼ੂਆਂ ’ਤੇ ਅਤਿਆਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਗੌਰਵਜੋਨ ਨੇ ਕੁਝ ਦਿਨ ਪਹਿਲਾਂ ਅਪਣੇ ਪਾਲਤੂ ਕੁੱਤੇ ਨੂੰ ਹਾਈਡਰੋਜਨ ਗੁਬਾਰਿਆਂ ਨਾਲ ਬੰਨ੍ਹ ਕੇ ਹਵਾ ਵਿਚ ਉਡਾ ਦਿਤਾ ਸੀ ਅਤੇ ਉਸ ਨਾਲ ਖੇਡਣ ਲੱਗਾ ਸੀ। ਉਸ ਨੇ ਘਟਨਾ ਦੀ ਵੀਡੀਓ ਤਿਆਰ ਕੀਤੀ ਅਤੇ ਉਸ ਨੂੰ ਅਪਣੇ ਚੈਨਲ ’ਤੇ ਅਪਲੋਡ ਕਰ ਦਿਤਾ। ਇਸ ਵੀਡੀਓ ਵਿਚ ਉਸ ਦੀ ਮਾਂ ਵੀ ਨਾਲ ਸੀ। ਗੌਰਵਜੋਨ ਚੈਨਲ ਵਿਚ 4.1 ਮਿਲੀਅਨ ਸਬਸਕਰਾਈਬਰ ਹਨ। ਵੀਡੀਓ ਕੁਝ ਹੀ ਦੇਰ ਵਿਚ ਸੋਸ਼ਲ ਮੀਡੀਆ ਵਿਚ ਫੈਲ ਗਈ। ਕਈ ਲੋਕਾਂ ਨੇ ਇਤਰਾਜ਼ ਕੀਤਾ ਤਾਂ ਕੁਝ ਨੇ ਇਸ ਨੂੰ ਮੌਜ-ਮੇਲਾ ਦਸਿਆ। ਜਦ ਗੌਰਵਜੋਨ ਨੇ ਇਤਰਾਜ਼ ਵੇਖੇ ਤਾਂ ਉਸ ਨੇ ਵੀਡੀਓ ਨੂੰ ਡਿਲੀਟ ਕਰ ਦਿਤਾ। ਪਰ ਉਦੋਂ ਤਕ ਤਾਂ ਇਹ ਫੈਲ ਚੁੱਕੀ ਸੀ। ਫਿਰ ਇਸ ਵੀਡੀਓ ’ਤੇ ਪੀਪਲ ਫ਼ਾਰ ਐਨੀਮਲ ਸੰਸਥਾ ਦੀ ਨਜ਼ਰ ਪਈ। ਸੰਸਥਾ ਨੇ ਉਸ ਗੌਰਵ ਵਿਰੁਧ ਦਿੱਲੀ ਦੇ ਥਾਣੇ ਵਿਚ ਸ਼ਿਕਾਇਤ ਕਰ ਦਿਤੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਨਵੀਂ ਵੀਡੀਓ ਵਿਚ ਗੌਰਵਜੋਨ ਪਾਲਤੂ ਕੁੱਤੇ ਨੂੰ ਹਵਾ ਵਿਚ ਉਡਾਉਣ ਲਈ ਮਾਫ਼ੀ ਮੰਗ ਰਿਹਾ ਹੈ।