ਸੁਨਾਮ : ਲੋਕ ਮੋਰਚਾ ਪੰਜਾਬ ਨੇ ਖੇਤੀ ਮੰਡੀ ਖਰੜਾ ਰੱਦ ਕਰਵਾਉਣ ਲਈ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ। ਜਥੇਬੰਦੀ ਦਾ ਤਰਕ ਹੈ ਕਿ ਖੇਤੀ ਮੰਡੀ ਖਰੜਾ ਪੈਦਾਵਾਰ ਲੁੱਟਣ ਦਾ ਫੁਰਮਾਨ ਹੈ। ਵੀਰਵਾਰ ਨੂੰ ਸੁਨਾਮ ਨੇੜਲੇ ਪਿੰਡ ਉਗਰਾਹਾਂ ਵਿਖੇ ਆਯੋਜਿਤ ਲੋਕ ਮੋਰਚਾ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਮੰਡੀ ਖਰੜੇ ਨਾਲ ਕਿਸਾਨੀ ਦੀ ਲੁੱਟ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ, ਕੇਂਦਰ ਵੱਲੋਂ ਭੇਜੇ ਖੇਤੀ ਮੰਡੀ ਨੀਤੀ ਖਰੜੇ ਦੀ ਲੋਕ ਦੋਖੀ ਖ਼ਸਲਤ ਬੇਨਕਾਬ ਕਰਨ,ਇਸ ਨੂੰ ਵਾਪਸ ਕਰਵਾਉਣ ਲਈ ਲਾਮਬੰਦੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਆਖਿਆ ਕਿ ਸਾਮਰਾਜੀ ਮੁਲਕਾਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਹ ਖਰੜਾ ਭਾਵੇਂ ਪੰਜਾਬ ਵਿਧਾਨ ਸਭਾ ਨੇ ਰੱਦ ਕਰ ਦਿੱਤਾ ਹੈ ਪਰ ਇਹ ਕੇਂਦਰ ਦਾ ਹੈ ਤੇ ਉਹ ਇਸ ਨੂੰ ਲਾਗੂ ਕਰਨ ਲਈ ਕਾਹਲੀ ਵਿੱਚ ਹੈ।ਇਹ ਖਰੜਾ ਸਰਕਾਰੀ ਮੰਡੀਆਂ ਦੀ ਥਾਂ ਦੇਸੀ ਵਿਦੇਸ਼ੀ ਕੰਪਨੀਆਂ ਦੇ ਸਾਇਲੋ ਤੇ ਕੋਲਡ ਸਟੋਰਾਂ ਨੂੰ ਹੀ ਮੰਡੀਆਂ ਬਣਾਉਣ ਤੇ ਕੰਪਨੀਆਂ ਨੂੰ ਖੇਤ 'ਚੋਂ ਸਿੱਧੀ ਖ਼ਰੀਦ ਕਰਨ ਦੀ ਖੁੱਲ੍ਹ ਦੇਣ ਦਾ ਫੁਰਮਾਨ ਹੈ। ਸਟੋਰ ਕਰਨ ਤੇ ਵੇਚਣ ਦੇ ਅਧਿਕਾਰ ਦਿੰਦਾ ਹੈ।ਅੰਬਾਨੀਆਂ ਅਡਾਨੀਆਂ ਤੋਂ ਬੇਹੱਦ ਵੱਡੀਆਂ ਵਿਦੇਸ਼ੀ ਕੰਪਨੀਆਂ ਦਾ ਦੁਨੀਆਂ 'ਚ ਅਨਾਜ ਵਪਾਰ ਦੇ ਸੱਤਰ ਪ੍ਰਤੀਸ਼ਤ ਉਤੇ ਕਬਜ਼ਾ ਹੈ।ਇਹਨਾਂ ਕੋਲ ਆਪਦੇ ਹੀ ਜਹਾਜ਼, ਸ਼ਿੱਪ, ਰੇਲਾਂ ਤੇ ਟਰੱਕ ਹਨ। ਨੋਟਾਂ ਦੇ ਢੇਰ ਹਨ।
ਸੂਬਾ ਸਕੱਤਰ ਨੇ ਅੱਗੇ ਕਿਹਾ ਕਿ ਖਰੜੇ ਦੇ ਲਾਗੂ ਹੋਣ ਦਾ ਮਤਲਬ ਕਿਸਾਨਾਂ ਦੀ ਫਸਲ ਦੀ ਲੁੱਟ ਤੇ ਮੰਡੀਆਂ ਵਿਚੋਂ ਮੁਲਾਜ਼ਮਾਂ ਤੇ ਮਜ਼ਦੂਰਾਂ ਦੀ ਛਾਂਟੀ ਹੋਵੇਗੀ।ਖੇਤੀ ਪੈਦਾਵਾਰ ਕੌਡੀਆਂ ਦੇ ਭਾਅ ਲੁੱਟੀ ਜਾਣੀ ਹੈ। ਜਨਤਕ ਵੰਡ ਪ੍ਰਣਾਲੀ ਦਾ ਪੂਰੀ ਤਰ੍ਹਾਂ ਗਲ਼ ਘੁੱਟਿਆ ਜਾਵੇਗਾ। ਮੰਡੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜ਼ਦੂਰ ਬੇਰੁਜ਼ਗਾਰੀ ਦੇ ਮੂੰਹ ਧੱਕੇ ਜਾਣਗੇ। ਨੌਜਵਾਨਾਂ ਵਿਚ ਬੇਰੁਜ਼ਗਾਰਾਂ ਦੀ ਨਫ਼ਰੀ ਵਧੇਗੀ। ਖੇਤੀ ਪੈਦਾਵਾਰ ਨਾਲ ਜੁੜੇ ਕਰੋੜਾਂ ਕਾਰੋਬਾਰੀਆਂ ਦੇ ਕਾਰੋਬਾਰ ਉਖੜਨਗੇ।ਟਰੱਕਾਂ ਵਾਲਿਆਂ ਦੇ ਕਿੱਤੇ 'ਤੇ ਵੀ ਮਾੜਾ ਅਸਰ ਪਵੇਗਾ। ਘੱਟ ਤਨਖਾਹਾਂ ਵਾਲੇ ਠੇਕਾ ਮੁਲਾਜ਼ਮ ਹੋਰ ਵਧੇਰੇ ਗਰੀਬੀ ਮੂੰਹ ਧੱਕੇ ਜਾਣਗੇ।ਪ੍ਰਚੂਨ ਖੇਤਰ ਵਿੱਚ ਇਹਨਾਂ ਦੇ ਆਉਣ ਨਾਲ ਅਨੇਕਾਂ ਦੁਕਾਨਾਂ ਨੂੰ ਤਾਲੇ ਲੱਗ ਜਾਣ ਦੀ ਨੌਬਤ ਆ ਜਾਣੀ ਹੈ। ਅੰਤ 'ਤੇ ਸਕੱਤਰ ਨੇ ਇਕੱਤਰ ਹੋਏ ਲੋਕਾਂ ਨੂੰ ਇਸ ਖਰੜੇ ਨੂੰ ਰੱਦ ਕਰਾਉਣ ਤੇ ਮੰਡੀਆਂ ਚ ਲੋਕ ਪੱਖੀ ਸੁਧਾਰ ਕਰਵਾਉਣ ਲਈ ਵਿਸ਼ਾਲ ਏਕਾ ਤੇ ਮਜ਼ਬੂਤ ਸੰਘਰਸ਼ ਦੇ ਅਖਾੜੇ ਭਖਾਉਣ ਅਤੇ ਅਮਰੀਕਨ ਵਸਤਾਂ ਨੂੰ ਭਾਰਤ ਸਰਕਾਰ ਵੱਲੋਂ ਟੈਕਸ ਮੁਕਤ ਕਰਨ ਵਾਲੇ ਅਮਰੀਕਾ ਨਾਲ ਕੀਤੇ ਸਮਝੌਤੇ ਰੱਦ ਕਰਾਉਣ ਦੀ ਬਣੀ ਲੋੜ ਨੂੰ ਭਰਵਾਂ ਹੁੰਗਾਰਾ ਭਰਨ ਦਾ ਸੱਦਾ ਦਿੱਤਾ ਹੈ। ਇਸ ਮੌਕੇ ਜਨਕ ਸਿੰਘ ਭੁਟਾਲ, ਅਮਰੀਕ ਸਿੰਘ ਗੰਢੂਆਂ, ਜਸਵੰਤ ਸਿੰਘ ਊ ,ਦਰਬਾਰਾ ਸਿੰਘ ਛਾਜਲਾ , ਹਰਜਿੰਦਰ ਸਿੰਘ, ਰਘਵੀਰ ਸਿੰਘ, ਰਾਮ ਸਿੰਘ ਢੀਂਡਸਾ ਨੇ ਸ਼ਿਰਕਤ ਕੀਤੀ ।ਸਟੇਜ ਦੀ ਕਾਰਵਾਈ ਦਰਸ਼ਨ ਸਿੰਘ ਸੁਨਾਮ ਨੇ ਨਿਭਾਈ।