ਨਵੀਂ ਦਿੱਲੀ : ਦੇਸ਼ ਵਿਚ ਛੇਤੀ ਹੀ ਕੋਰੋਨਾ ਦੀਆਂ 4 ਹੋਰ ਨਵੀਆਂ ਦਵਾਈਆਂ ਆ ਜਾਣਗੀਆਂ। ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ ਕੇ ਪਾਲ ਨੇ ਦਸਿਆ ਕਿ ਦੇਸ਼ ਵਿਚ ਵੈਕਸੀਨ ਦਾ ਉਤਪਾਦਨ ਲਗਾਤਾਰ ਵਧਾਇਆ ਜਾ ਰਿਹਾ ਹੈ। ਹੋਰ ਚਾਰ ਵੈਕਸੀਨਾਂ ਆਉਣ ਵਾਲੀਆਂ ਹਨ। ਇਨ੍ਹਾਂ ਵਿਚ ਬਾਇਓ-ਈ ਦੀ ਵੈਕਸੀਨ, ਜਾਇਡਸ ਦੀ ਡੀਐਨਏ ’ਤੇ ਆਧਾਰਤ ਵੈਕਸੀਨ, ਭਾਰਤ ਬਾਇਓਟੈਕ ਦੀ ਨੇਸਲ ਵੈਕਸੀਨ ਅਤੇ ਜਿਨੇਵਾ ਦੀ ਵੈਕਸੀਨ ਉਪਲਭਧ ਹੋਵੇਗੀ। ਉਨ੍ਹਾਂ ਦਸਿਆ ਕਿ 2021 ਦੇ ਅਖੀਰ ਤਕ ਦੇਸ਼ ਵਿਚ ਵੈਕਸੀਨ ਦੀਆਂ 200 ਕਰੋੜ ਖ਼ੁਰਾਕਾਂ ਦਾ ਉਤਪਾਦਨ ਹੋ ਚੁੱਕਾ ਹੋਵੇਗਾ। ਡਾਕਟਰ ਪਾਲ ਨੇ ਦਸਿਆ ਕਿ ਸਰਕਾਰ ਕੋਵਿਡ ਸੁਰੱਖਿਆ ਸਕੀਮ ਤਹਿਤ ਜਾਇਡਸ ਕੈਡਿਲਾ, ਬਾਇਓ ਈ ਅਤੇ ਜਿਨੇਵਾ ਦੀ ਕੋਰੋਨਾ ਵੈਕਸੀਨ ਦੇ ਦੇਸ਼ ਵਿਚ ਨਿਰਮਾਣ ਲਈ ਫ਼ੰਡਿੰਗ ਕਰ ਰਹੀ ਹੈ। ਇਸ ਦੇ ਇਲਾਵਾ ਨੈਸ਼ਨਲ ਲੈਬਸ ਤੋਂ ਉਨ੍ਹਾਂ ਨੂੰ ਤਕਨੀਕੀ ਮਦਦ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਦੀ ਨਾਕ ਰਾਹੀਂ ਦਿਤੀ ਜਾਣ ਵਾਲੀ ਸਿੰਗਲ ਡੋਜ਼ ਵੈਕਸੀਨ ਲਈ ਵੀ ਕੇਂਦਰ ਸਰਕਾਰ ਫੰਡਿੰਗ ਕਰ ਰਹੀ ਹੈ ਅਤੇ ਇਹ ਦੁਨੀਆਂ ਲਈ ਗੇਮਚੇਂਜਰ ਸਾਬਤ ਹੋ ਸਕਦੀ ਹੈ। ਡਾਕਟਰ ਪਾਲ ਨੇ ਦਸਿਆ ਕਿ ਸੀਰਮ ਇੰਸਟੀਚਿਊਟ ਵੀ ਅਪਣੀ ਸਮਰੱਥਾ ਨੂੰ 6.5 ਕਰੋੜ ਡੋਜ਼ ਪ੍ਰਤੀ ਮਹੀਨੇ ਤੋਂ ਵਧਾ ਕੇ 11 ਕਰੋੜ ਪ੍ਰਤੀ ਡੋਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਬਦੌਲਤ 2021 ਦੇ ਅਖ਼ੀਰ ਤਕ ਦੇਸ਼ ਵਿਚ ਵੈਕਸੀਨ ਦੀਆਂ 200 ਕਰੋੜ ਡੋਜ਼ਾਂ ਦੇ ਉਤਪਾਦਨ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਲਈ ਫ਼ਾਇਜ਼ਰ ਅਤੇ ਮਾਡਰਨਾ ਨਾਲ ਵੀ ਗੱਲਬਾਤ ਚੱਲ ਰਹੀ ਹੈ।