ਹਰਿਦੁਆਰ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਨਿਰਮਲਾ ਛਾਉਣੀ ਆਸ਼ਰਮ ਤੋਂ ਸ਼ੁਰੂ ਹੋ ਕੇ ਹਰਿ ਕੀ ਪਉੜੀ ਹਰਿਦੁਆਰ ਤਕ ਸ਼ਰਧਾ ਪੂਰਵਕ ਸਜਾਈ ਗਈ। ਇਸ ਵਿਚ ਪੰਜਾਬ, ਹਰਿਆਣਾ, ਹਿਮਾਚਲ, ਯੂ ਪੀ, ਉਤਰਾਖੰਡ ਅਤੇ ਦੇਸ਼ ਵਿਦੇਸ਼ ਦੀਆਂ ਹਜਾਰਾਂ ਸੰਗਤਾਂ ਹੁੰਮ ਹੁਮਾ ਕੇ ਸ਼ਾਮਲ ਹੋਈਆਂ। ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੁੰਦਰ ਸਰੂਪ ਵਾਲੀਆਂ ਝਾਕੀਆਂ ਸਜਾਈਆਂ ਗਈਆਂ ਸਨ ਅਤੇ ਸੁੰਦਰ ਰੱਥ ਤੇ ਸੰਤ ਪ੍ਰਗਟ ਨਾਥ ਜੀ ਬਾਲ ਯੋਗੀ ਬਾਲਮੀਕੀ ਆਸ਼ਰਮ ਨਕੋਦਰ, ਅਤੇ ਸੰਤ ਪਰਮਜੀਤ ਦਾਸ ਜੀ ਡੇਰਾ ਸੱਚਖੰਡ ਸੰਤ ਮੇਲਾ ਰਾਮ ਨਗਰ ਵਾਲੇ ਸ਼ੋਭਾ ਯਾਤਰਾ ਦੀ ਅਗਵਾਈ ਕਰ ਰਹੇ ਸਨ। ਰਸਤੇ ਵਿਚ ਹਰਿਦੁਆਰ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਵਲੋੰ ਸੁਸਾਇਟੀ ਦੇ ਸੰਤਾਂ ਮਹਾਂਪੁਰਸ਼ਾਂ ਨੂੰ ਫ਼ੁੱਲ ਮਲਾਵਾਂ ਅਤੇ ਸਿਰਪਾਓ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਅਤੇ ਸੰਗਤਾਂ ਲਈ ਠੰਡੇ, ਮਿੱਠੇ ਜਲ ਦੀਆਂ ਸਬੀਲਾਂ ਤੇ ਫਰੂਟ ਦੇ ਲੰਗਰ ਲਗਾਏ ਗਏ। ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਵਲੋੰ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ ਦੀ ਸਰਪ੍ਰਸਤੀ ਹੇਠ ਅਤੇ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਅਤੇ ਸੁਸਾਇਟੀ ਦੇ ਸਮੂਹ ਸੰਤਾਂ, ਮਹਾਂਪੁਰਸ਼ਾਂ ਦੀ ਅਗਵਾਈ ਹੇਠ ਹਰਿ ਕੀ ਪਉੜੀ ਗੰਗਾ ਘਾਟ ਤੇ ਆਰਤੀ ਅਤੇ ਕੀਰਤਨ ਦੇ ਦੀਵਾਨ ਸਜਾਏ ਗਏ।
ਇਸ ਮੌਕੇ ਸੰਤਾਂ ਮਹਾਂਪੁਰਸ਼ਾਂ ਨੇ ਦੱਸਿਆ ਕਿ 6 ਅਪ੍ਰੈਲ ਨੂੰ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਜਾਣਗੇ ਅਤੇ 2 ਵਜੇ ਸ਼ੋਭਾ ਯਾਤਰਾ ਦੀ ਰੇਲ ਗੱਡੀ ਰਾਹੀਂ ਵਾਪਸੀ ਹੋਵੇਗੀ।
ਇਸ ਮੌਕੇ ਸੰਤ ਪਰਮਜੀਤ ਦਾਸ ਨਗਰ, ਸੰਤ ਸਰਵਣ ਦਾਸ ਸਲੇਮਟਾਵਰੀ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ, ਸੰਤ ਬਲਵੰਤ ਸਿੰਘ ਡਿੰਗਰੀਆਂ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ, ਸੰਤ ਧਰਮਪਾਲ ਸ਼ੇਰਗੜ, ਸੰਤ ਰਮੇਸ਼ ਦਾਸ ਡੇਰਾ ਕਲਰਾਂ ਸ਼ੇਰਪੁਰ, ਸੰਤ ਜਗੀਰ ਸਿੰਘ, ਸੰਤ ਪ੍ਰਗਟ ਨਾਥ ਬਾਲਯੋਗੀ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਹਰਮੀਤ ਸਿੰਘ, ਸੰਤ ਗੁਰਮੀਤ ਦਾਸ, ਰਜੇਸ਼ ਦਾਸ ਬਜਵਾੜਾ ਵੀ ਹਾਜਰ ਸਨ।