ਨਵੀਂ ਦਿੱਲੀ : ਟਵਿਟਰ ਨੇ ਅਪਣੇ ਮੁਲਾਜ਼ਮਾਂ ਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਟਵਿਟਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਦ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਨੇ ਵਿਵਾਦਗ੍ਰਸਤ ‘ਟੂਲਕਿੱਟ’ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਦਖਣੀ ਦਿੱਲੀ ਅਤੇ ਗੁਰੂਗ੍ਰਾਮ ਦੇ ਦਫ਼ਤਰਾਂ ਵਿਚ ਛਾਪੇ ਮਾਰੇ। ਇਸ ਘਟਨਾ ਕਾਰਨ ਉਹ ਸੁਰੱਖਿਆ ਬਾਰੇ ਚਿੰਤਤ ਹੈ। ਟਵਿਟਰ ਨੇ ਇਹ ਵੀ ਕਿਹਾ ਕਿ ਉਹ 26 ਮਈ ਤੋਂ ਲਾਗੂ ਹੋਏ ਨਵੇਂ ਆਈਟੀ ਨਿਯਮਾਂ ਦਾ ਹਵਾਲਾ ਦਿੰਦਿਆਂ ਭਾਰਤ ਵਿਚ ਲਾਗੂ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਸਰਕਾਰ ਨਾਲ ਗੱਲਬਾਤ ਜਾਰੀ ਰੱਖਣ ਦਾ ਯਤਨ ਕਰੇਗੀ। ਮਾਇਕਰੋ ਬਲਾਗਿੰਗ ਸਾਈਟ ਨੇ ਤਕਨੀਕੀ ਮੰਤਰਾਲੇ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਤਿੰਨ ਹੋਰ ਮਹੀਨੇ ਦਾ ਸਮਾਂ ਦੇਣ ਦੀ ਮੰਗ ਕੀਤੀ ਹੈ। ਟਵਿਟਰ ਨੇ ਕਿਹਾ ਕਿ ਇਹ ਬਹੁਤ ਚਿੰਤਤ ਹੈ ਕਿ ਨਿਯਮਾਂ ਨੇ ਪਲੇਟਫ਼ਾਰਮ ਤੇ ਸਮੱਗਰੀ ਲਈ ਪਾਲਣਾ ਅਧਿਕਾਰੀ ਨੂੰ ਅਪਰਾਧਕ ਰੂਪ ਵਿਚ ਜਵਾਬਦੇਹ ਬਣਾ ਦਿਤਾ ਹੈ, ਇਹ ਕਦਮ ਖ਼ਤਰਨਾਕ ਜਾਪਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਟਵਿਟਰ ਨੇ ਕਥਿਤ ਕੋਵਿਡ ਟੂਲਕਿਟ ਨਾਲ ਸਬੰਧਤ ਭਾਜਪਾ ਆਗੂ ਸੰਬਿਤ ਪਾਤਰਾ ਦੇ ਟਵੀਟ ਨੂੰ ਛੇੜਛਾੜ ਕੀਤਾ ਹੋਇਆ ਦਸਿਆ ਸੀ। ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਨੇ ਟੂਲਕਿੱਟ ਬਣਾ ਕੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਭਾਰਤੀ ਰੂਪ ਬਣਾ ਕੇ ਦੇਸ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਖ਼ਰਾਬ ਕਰਨ ਦਾ ਯਤਨ ਕੀਤਾ ਹੈ। ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਭਾਜਪਾ ਉਸ ਨੂੰ ਬਦਨਾਮ ਕਰਨ ਲਈ ਫ਼ਰਜ਼ੀ ਟੂਲਕਿੱਟ ਦਾ ਸਹਾਰਾ ਲੈ ਰਹੀ ਹੈ।