ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਕੁਝ ਘੱਟ ਹੋਣੇ ਸ਼ੁਰੂ ਹੀ ਹੋਏ ਸਨ ਕਿ ਹੁਣ ਲੋਕਾਂ 'ਤੇ ਕਈ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਪਹਿਲਾਂ ਤਾਂ ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਦੇ ਮਾਮਲੇ ਹੀ ਸਾਹਮਣੇ ਆਏ ਸਨ, ਪਰ ਹੁਣ Yellow Fungus ਯੈਲੋ ਫੰਗਸ ਦਾ ਇੱਕ ਮਾਮਲਾ ਆਉਣ ਦੇ ਬਾਅਦ ਲੋਕਾਂ ਵਿੱਚ ਡਰ ਹੋਰ ਵਧ ਗਿਆ ਹੈ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਹਰਸ਼ ਈਐੱਨਟੀ ਹਸਪਤਾਲ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਤਿੰਨ ਤਰ੍ਹਾਂ ਦੇ ਫੰਗਲ ਇਨਫੈਕਸ਼ਨ ਪਾਏ ਗਏ, ਬਲੈਕ ਫੰਗਸ, ਵ੍ਹਾਈਟ ਫੰਗਸ ਅਤੇ ਯੈਲੋ ਫੰਗਸ। ਡਾ. ਬੀਪੀਐੱਸ ਤਿਆਗੀ ਦੱਸਦੇ ਹਨ ਕਿ ਇਹ ਆਪਣੀ ਤਰ੍ਹਾਂ ਦਾ ਬਹੁਤ ਦੁਰਲੱਭ ਮਾਮਲਾ ਹੈ। ਉਨ੍ਹਾਂ ਕੋਲ ਆਏ 59 ਸਾਲ ਦੇ ਮਰੀਜ਼ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿੱਚ ਯੈਲੋ ਫੰਗਸ ਮਿਲਿਆ ਜਿਸ ਨੂੰ ਮੈਡੀਕਲ ਭਾਸ਼ਾ ਵਿੱਚ ਮਿਊਕਰ ਸੈਪਟਿਕਸ ਕਹਿੰਦੇ ਹਨ। ਡਾਕਟਰ ਬੀਪੀਐੱਸ ਤਿਆਗੀ ਦੱਸਦੇ ਹਨ ਕਿ 'ਇਹ ਫੰਗਸ ਆਮ ਤੌਰ 'ਤੇ ਰੇਪਟਾਈਲਜ ਯਾਨੀ ਰੇਂਗਣ ਵਾਲੇ ਜਾਨਵਰਾਂ ਵਿੱਚ ਪਾਈ ਜਾਂਦੀ ਹੈ। ਜਿੰਨਾ ਮੈਂ ਪੜ੍ਹਿਆ ਅਤੇ ਦੂਜੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ। ਇਸ ਮਰੀਜ਼ ਵਿੱਚ ਬਲੈਕ ਅਤੇ ਵ੍ਹਾਈਟ ਫੰਗਸ ਵੀ ਪਾਈ ਗਈ ਹੈ।'
ਕੁਝ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਘੱਟ ਹੋਣ ਹੀ ਲੱਗੇ ਸਨ ਕਿ ਬਲੈਕ ਫੰਗਸ ਨੇ ਜ਼ੋਰ ਫੜ ਲਿਆ। ਇਸ ਨੂੰ ਮਿਊਕਰਮਾਇਕੋਸਿਸ ਵੀ ਕਹਿੰਦੇ ਹਨ। ਪਹਿਲਾਂ ਗੁਜਰਾਤ, ਮਹਾਰਾਸ਼ਟਰ ਅਤੇ ਫਿਰ ਕਰਨਾਟਕ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਬਲੈਕ ਫੰਗਸ ਜ਼ੋਰ ਦਿਖਾਉਣ ਲੱਗੀ।