Monday, April 14, 2025

Articles

ਸੁਖਿੰਦਰ ਦਾ ਨਾਵਲ ‘ਹੜ੍ਹ’ ਕੈਨੇਡਾ ਵਿੱਚ ਵਿਦਿਆਰਥੀਆਂ/ਪਰਵਾਸੀਆਂ ਦੇ ਵਿਵਹਾਰ ਦੀ ਦਾਸਤਾਂ

April 08, 2025 07:00 PM
SehajTimes

ਸੁਖਿੰਦਰ ਕੈਨੇਡਾ ਵਿੱਚ ਰਹਿ ਰਿਹਾ ਸਥਾਪਤ ਸੰਜੀਦਾ ਸਾਹਿਤਕਾਰ ਤੇ ਸੰਪਾਦਕ ਹੈ। ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਉਸ ਦੀਆਂ 50 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 41 ਮੌਲਿਕ ਅਤੇ 9 ਸੰਪਾਦਿਤ ਪੁਸਤਕਾਂ ਹਨ। ਉਸਦੇ ਦੋ ਨਾਵਲ ਅਲਾਰਮ ਕਲਾਕ (2003) ਅਤੇ ਕਰੋਨਾ ਕਾਫ਼ਲੇ (2021) ਪ੍ਰਕਾਸ਼ਤ ਹੋ ਚੁੱਕੇ ਹਨ। ਚਰਚਾ ਅਧੀਨ ਉਸਦਾ ਤੀਜਾ ਨਾਵਲ ‘ਹੜ੍ਹ’ (2025) ਪ੍ਰਕਾਸ਼ਤ ਹੋਇਆ ਹੈ। ਉਸਦਾ ਇਹ ਨਾਵਲ ਸਮਾਜਿਕ ਸਰੋਕਾਰਾਂ ਵਾਲਾ ਪਰਵਾਸ ਵਿੱਚ ਪੰਜਾਬੀਆਂ ਦੇ ਰੰਗ- ਢੰਗ ਦੇ ਵਿਵਹਾਰ ਦੇ ਵਿਸ਼ੇ ‘ਤੇ ਅਤਿਅੰਤ ਸੰਜੀਦਾ ਨਾਵਲ ਹੈ। ਇਸ਼ਕ-ਮੁਸ਼ਕ ਅਤੇ ਰੋਮਾਂਸਵਾਦ ਤੋਂ ਕੋਹਾਂ ਦੂਰ ਇਹ ਨਾਵਲ ਦਿਲ ਨੂੰ ਹਲੂਨਣ ਵਾਲਾ ਹੈ। ਇਹ ਨਾਵਲ ਪੜ੍ਹਕੇ ਹਰ ਸਮਝਦਾਰ ਵਿਅਕਤੀ ਕੁਝ ਕੁ ਕੁਝ ਵਿਦਿਆਰਥੀਆਂ/ਪਰਵਾਸੀਆਂ/ਪੰਜਾਬੀ ਮਾਲਕ ਮਕਾਨਾਂ ਦੀਆਂ ਕੋਝੀਆਂ, ਅਣਮਨੁੱਖੀ ਤੇ ਗ਼ੈਰ ਕਾਨੂੰਨੀ ਕਾਰਵਾਈਆਂ ਕਰਕੇ ਚਿੰਤਾ ਵਿੱਚ ਡੁੱਬ ਜਾਵੇਗਾ। ਸੁਖਿੰਦਰ ਨੇ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਆਏ ਕੁਝ ਪੰਜਾਬੀ ਵਿਦਿਆਰਥੀਆਂ/ਪਰਵਾਸੀਆਂ/ਪੰਜਾਬੀ ਮਾਲਕ ਮਕਾਨਾਂ  ਦੀਆਂ ਕਰੂਰ ਹਰਕਤਾਂ ਨੂੰ ਆਪਣੇ ਨਾਵਲ ਦੇ 30 ਚੈਪਟਰਾਂ ਵਿੱਚ ਲਿਖਕੇ ਪੰਜਾਬੀ  ਵਿਦਿਆਰਥੀਆਂ/ਪਰਵਾਸੀਆਂ/ਮਾਲਕ ਮਕਾਨਾਂ  ਦੀ ਬੀਮਾਰ ਮਾਨਸਿਕਤਾ ਦਾ ਪਰਦਾ ਫਾਸ਼ ਕਰ ਦਿੱਤਾ ਹੈ। ਸੁਖਿੰਦਰ ਦੇ ਨਾਵਲ ਲਿਖਣ ਦਾ ਢੰਗ ਬਾਕਮਾਲ ਹੈ, ਉਸਦਾ ਹਰ ਚੈਪਟਰ ਦ੍ਰਿਸ਼ਟਾਂਤਿਕ ਲੱਗਦਾ ਹੈ, ਵਿਦਿਆਰਥੀਆਂ/ਪਰਵਾਸੀਆਂ /ਪੰਜਾਬੀ ਮਾਲਕ ਮਕਾਨਾਂ  ਦੀਆਂ ਕਾਰਵਾਈਆਂ ਪਾਠਕ ਦੇ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਜਾਂਦੀਆਂ ਹਨ। ਵੈਸੇ ਤਾਂ ਅਖ਼ਬਾਰਾਂ ਵਿੱਚ ਕੈਨੇਡਾ ਪੜ੍ਹਨ ਲਈ ਗਏ ਅਲੂਏਂ ਵਿਦਿਆਰਥੀਆਂ ਅਤੇ ਅਮੀਰਜ਼ਾਦਿਆਂ ਦੇ ਵਿਗੜੇ ਹੋਏ ਕਾਕਿਆਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ ਪ੍ਰੰਤੂ ਸੁਖਿੰਦਰ ਦਾ ਨਾਵਲ ਪੜ੍ਹਕੇ ਪੰਜਾਬੀ ਵਿਦਿਆਰਥੀਆਂ ਵੱਲੋਂ ਕੈਨੇਡਾ ਵਰਗੇ ਵਿਕਸਤ ਅਤੇ ਅਨੁਸਾਸ਼ਤ ਦੇਸ਼ ਦੀ ਬਾਕਮਾਲ ਪ੍ਰਬੰਧਕੀ ਪ੍ਰਣਾਲੀ ਨੂੰ ਖੜਦੁਮ ਮਚਾਕੇ ਤਹਿਸ-ਨਹਿਸ ਕਰਨ ਵਾਲੀਆਂ ਕਾਰਵਾਈਆਂ ਨੇ ਸੂਝਵਾਨ ਪੰਜਾਬੀਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਬੇਕਾਬੂ ਹੋਏ ਵਿਦਿਆਰਥੀ, ਗਲੀਆਂ/ਮੁਹੱਲਿਆਂ/ਪਾਰਕਿੰਗ ਵਿੱਚ ਸ਼ਰਾਬ ਅਤੇ ਹੋਰ ਨਸ਼ਿਆਂ ਵਿੱਚ ਗੜੁਚ ਹੋ ਕੇ ਉਚੀ ਆਵਾਜ਼ ਵਿੱਚ ਗਾਣੇ ਲਾ ਕੇ ਗ਼ੈਰ ਕਾਨੂੰਨੀ ਹਰਕਤਾਂ ਕਰਦੇ ਦਰਸਾਇਆ ਗਿਆ ਹੈ। ਬੇਰੋਜ਼ਗਾਰੀ ਦੀ ਮਾਰ ਕਰਕੇ ਪੜ੍ਹਾਈ/ਵਕੀਲਾਂ/ਜੋਤਸ਼ੀਆਂ ਦੀਆਂ ਫੀਸਾਂ ਦੇਣ ਲਈ ਨਸ਼ਾ ਵੇਚਣ/ਚੋਰੀਆਂ ਕਰਨ ਲੱਗ ਗਏ/ਗੈਂਗਸਟਰ ਬਣ ਗਏ। ਚੋਰੀਆਂ ਕਰਨ ਦੇ ਗਰੁਪ ਬਣਾ ਲਏ ਜਿਵੇਂ ‘ਕਾਰ ਚੋਰ ਗਰੁੱਪ’, ‘ਪੰਜਾਬੀ ਮੁੰਡੇ ਕਾਰ ਚੋਰ ਗਰੁੱਪ’ ਅਤੇ ‘ਜੈ ਮਾਤਾ ਚੋਰ ਗਰੁੱਪ’ ਆਦਿ। ਡਾਕੇ ਮਾਰਨੇ, ਸੂਰਮੇ ਕਹਾਉਣਾ ਤੇ ਪੰਜਾਬੀ ਗਾਇਕਾਂ ਦੇ ਘਰਾਂ ਅੱਗੇ ਗੋਲੀਆਂ ਚਲਾਕੇ ਤੇ ਕਾਰਾਂ ਨੂੰ ਅੱਗਾਂ ਲਗਾਕੇ ਡਰਾਉਣਾ ਤੇ ਫਿਰੌਤੀਆਂ ਮੰਗਣਾ ਆਮ ਹੋ ਗਿਆ। ਸਰਕਾਰੀ ਨੁਮਾਇੰਦਿਆਂ ਦੀ ਮਿਲੀ ਭੁਗਤ ਨਾਲ ਚੋਰੀਆਂ ਕਰਦੇ ਹਨ। ਕੁਝ ਕੁੜੀਆਂ ਤੋਂ ਕੈਨੇਡਾ ਦੀ ਆਜ਼ਾਦੀ ਸਾਂਭੀ ਨਾ ਗਈ ਤੇ ਭੱਟਕ ਕੇ ਦੁਰਵਰਤੋਂ ਕਰਨ ਲੱਗ ਗਈਆਂ। ਨੀਲੂ ਸ਼ਰਮਾ ਅਤੇ ਉਸਦੀਆਂ ਸਹੇਲੀਆਂ ਸ਼ਰਾਬ ਤੇ ਹੋਰ ਨਸ਼ਾ ਕਰਨ ਲੱਗ ਗਈਆਂ। ਚੰਡੀਗੜ੍ਹ ਇਨ੍ਹਾਂ ਲੜਕੀਆਂ ਦਾ ‘ਮੌਜ ਮੇਲਾ ਗਰੁੱਪ’ ਬਣਿਆਂ ਹੋਇਆ ਸੀ।

  Êਪੰਜਾਬ ਵਿਚਲੀ ਬੇਰੋਜ਼ਗਾਰੀ,  ਏਜੰਟਾਂ ਦੇ ਸਬਜ਼ਬਾਗ, ਸਿਆਸੀ ਭਰਿਸ਼ਟਾਚਾਰ ਅਤੇ ਨਸ਼ਿਆਂ ਦੇ ਬੋਲਬਾਲੇ ਕਰਕੇ ਮਾਪਿਆਂ ਨੇ ਬੱਚਿਆਂ ਦਾ ਭਵਿਖ ਸੁਨਹਿਰੀ ਬਣਾਉਣ ਦੇ ਇਰਾਦੇ ਨਾਲ ਕੈਨੇਡਾ ਵਿੱਚ ਭੇਜਣਾ ਬਿਹਤਰ ਸਮਝਿਆ। ਪਰ ਕੈਨੇਡਾ ਪਹੁੰਚਣ ਲਈ ਜਿਹੜੇ ਕਾਗਜ਼ੀ ਵਿਆਹਾਂ, ਜ਼ਾਹਲੀ ਆਈ ਲੈਟਸ, ਫਰਜ਼ੀ ਵੀਜੇ, ਝੂਠੇ ਦਸਤਾਵੇਜ਼ਾਂ ਨੇ ਕੈਨੇਡਾ ਵਰਗੇ ਅਗਾਂਹਵਧੂ ਦੇਸ਼ ਵਿੱਚ ਜਾ ਕੇ ਅਜਿਹਾ ਗੰਦ ਪਾਇਆ, ਉਸਨੇ ਤਾਂ ਪਹਿਲਾਂ ਵਸ ਰਹੇ ਪੰਜਾਬੀਆਂ ਦੀ ਵਿਰਾਸਤ ਨੂੰ ਦਾਗ਼ਦਾਰ ਕਰ ਦਿੱਤਾ। ਕੈਨੇਡਾ ਸਰਕਾਰ ਦੇ ਇਮੀਗਰੇਸ਼ਨ ਦੇਣ ਵਾਲੇ ਅਧਿਕਾਰੀ ਵੀ ਇਸਦੇ ਜ਼ਿੰਮੇਵਾਰ ਹਨ, ਜਿਹੜੇ ਝੂਠੇ ਤੇ ਜ਼ਾਅਲੀ ਦਸਤਾਵੇਜ਼ ਚੈਕ ਕੀਤੇ ਬਿਨਾ ਹੀ ਵੀਜੇ ਦੇ ਦਿੰਦੇ ਹਨ। 700 ਵਿਦਿਆਰਥੀਆਂ ਦੇ ਦਸਤਾਵੇਜ਼ ਜਾਅਲੀ ਪਾਏ ਗਏ, ਉਨ੍ਹਾਂ ‘ਤੇ ਦੇਸ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਕਚਹਿਰੀਆਂ ਵਿੱਚ ਕੇਸ ਕਰਨ ਲਈ ਹਜ਼ਾਰਾਂ ਡਾਲਰਾਂ ਦੀ ਫੀਸ ਦੀ ਬਿਪਤਾ ਬਣੀ ਪਈ ਹੈ। ਦੀਵਾਲੀ ਵਰਗੇ ਪਵਿਤਰ ਤਿਓਹਾਰ ਨੂੰ ਪੰਜਾਬੀ ਕੈਨੇਡਾ ਵਿੱਚ ਰਹਿ ਰਹੇ ਪਰਵਾਸੀ ਦਹਾਕਿਆਂ ਤੋਂ ਸਦਭਾਵਨਾ ਨਾਲ ਮਨਾ ਰਹੇ ਸਨ, ਅਜਿਹੇ ਮੌਕੇ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਖਾਲਿਸਤਾਨੀ ਅਤੇ  ਭਾਰਤ ਮਾਤਾ ਵਰਗੇ ਨਾਅਰੇ ਲਾ ਕੇ ਨਫ਼ਰਤ ਦਾ ਵਾਤਵਰਨ ਪੈਦਾ ਕਰ ਦਿੱਤਾ। ਲੋਕਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਨਫ਼ਰਤ ਦੀ ਭਾਵਨਾ ਪੈਦਾ ਹੋ ਗਈ। ਧਾਰਮਿਕ ਕੱਟੜਵਾਦੀ ਤੇ ਦਹਿਸ਼ਤਵਾਦੀ ਸੰਸਥਾਵਾਂ ਨੌਜਵਾਨਾਂ ਨੂੰ ਭਾਵਨਾਤਮਿਕ ਢੰਗ ਨਾਲ ਆਪਣੇ ਪੰਜਿਆਂ ਵਿੱਚ ਫਸਾਕੇ ਦੁਰਵਰਤੋਂ ਕਰ ਰਹੇ ਹਨ। ਏਅਰ ਇੰਡੀਆ ਕਨਿਸ਼ਕ ਹਵਾਈ ਜ਼ਹਾਜ ਦੇ ਹਾਦਸੇ ਤੋਂ ਬਾਅਦ ਸਿੱਖਾਂ ਦਾ ਅਕਸ ਵੀ ਖ਼ਰਾਬ ਹੋਇਆ ਸੀ। ਇੱਕ-ਇੱਕ ਕਮਰੇ/ਬੇਸਮੈਂਟਾਂ ਵਿੱਚ ਪੰਜ-ਪੰਜ ਵਿਦਆਰਥੀਆਂ ਦਾ ਰਹਿਣਾ, ਰੌਲਾ ਰੱਪਾ ਪਾਉਣਾ ਤੇ ਕਾਟੋ ਕਲੇਸ਼ ਕਰਦੇ ਰਹਿਣਾ ਸ਼ੋਭਾ ਨਹੀਂ ਦਿੰਦਾ। ਪੰਜਾਬੀ ਮਾਲਕ ਮਕਾਨ ਵੀ ਘੱਟ ਨਹੀਂ, ਜਿਹੜੇ ਵੱਧ ਕਿਰਾਇਆ ਲੈਂਦੇ ਸਨ ਅਤੇ ਲੜਕੇ/ਲੜਕੀਆਂ ਵੀ ਕਈ ਵਾਰੀ ਬਿਨਾ ਕਿਰਾਇਆ ਦਿੱਤੇ ਭੱਜ ਜਾਂਦੇ ਹਨ ਤੇ ਕਮਰਿਆਂ ਦੀ ਭੰਨ ਤੋੜ ਵੀ ਕਰ ਜਾਂਦੇ ਹਨ। ਸਾਂਝੇ ਕਿਚਨ ਵਿੱਚ ਵਿਦਿਆਰਥੀ ਪਰੌਂਠੇ ਬਣਾਕੇ ਵਾਤਾਵਰਨ ਦੂਸ਼ਤ ਕਰਦੇ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੜ੍ਹ ਆਉਣ ਨਾਲ ਕਿਰਾਏ ਦੁਗਣੇ ਹੋ ਗਏ। ਕੁਝ ਕਮਰਿਆਂ/ਬੇਸਮੈਂਟਾਂ ਵਿੱਚ 15-15 ਮੁੰਡੇ ਕੁੜੀਆਂ ਰਹਿ ਰਹੇ ਹਨ। ਖਾਸ ਤੌਰ ‘ਤੇ ਜਦੋਂ ਕੈਨੇਡਾ ਨੇ ਕਰੋਨਾ ਕਾਲ ਤੋਂ ਬਾਅਦ ਦੇਸ਼ ਦੀ ਲੜਖੜਾਈ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ 10+2 ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਦਾਖ਼ਲੇ ਦੀ ਇਜ਼ਾਜਤ ਦੇ ਦਿੱਤੀ ਤਾਂ ਅਲੜ੍ਹ ਮੁੰਡੇ ਕੁੜੀਆਂ ਆਉਣ ਲੱਗ ਪਏ। ਉਨ੍ਹਾਂ ਨੂੰ ਕੈਨੇਡਾ ਦੇ ਸਭਿਆਚਾਰ ਦੀ ਬੇਸਮਝੀ ਅਤੇ ਫੀਸਾਂ ਭਰਨ ਲਈ ਲਟਾਪੀਂਘ ਹੋਣਾ ਪੈ ਰਿਹਾ ਸੀ। ਅਜਿਹੇ ਹਾਲਾਤ ਵਿੱਚ ਲੜਕੀਆਂ ਦੀ ਐਕਸਪਲਾਇਟੇਸ਼ਨ ਹੋਣ ਲੱਗ ਪਈ। ਕੁਝ ਕੁ ਲੜਕੀਆਂ ਗ਼ਲਤ ਰਾਹ ਪੈ ਗਈਆਂ। ਕਾਗਜ਼ੀ ਵਿਆਹਾਂ ਵਾਲੇ 35-35 ਲੱਖ ਰੁਪਏ ਖ਼ਰਚਕੇ ਆਈ ਲੈਟ ਪਾਸ ਲੜਕੇ/ਲੜਕੀਆਂ ਇੱਕ ਦੂਜੇ ਨੂੰ ਕੈਨੇਡਾ ਪਹੁੰਚਕੇ ਧੋਖੇ ਦੇਣ ਲੱਗ ਪਏ, ਜਿਸ ਕਰਕੇ ਲੜਾਈ ਝਗੜੇ ਵੱਧ ਗਏ ਤੇ ਕੋਰਟ ਕਚਹਿਰੀਆਂ ਦੀ ਚੱਕਰ ਕੱਟਣੇ ਪੈਂਦੇ ਹਨ। ਰਾਜੇਸ਼ ਵਰਮਾ ਅਤੇ ਨੀਲੂ ਸ਼ਰਮਾ ਦੀ ਲੜਾਈ ਕਰਕੇ ਕੋਰਟ ਨੇ ਵੱਖੋ -ਵੱਖਰੇ ਰਹਿਣ ਦੇ ਹੁਕਮ ਕਰ ਦਿੱਤੇ। ਫਿਰ ਇਸ ਹਾਲਾਤ ਵਿੱਚ ਉਹ ਪੰਡਤਾਂ, ਮੁੱਲਾਂ, ਪਾਦਰੀਆਂ, ਜਿਊਲਰਜ਼, ਜੋਤਸ਼ੀਆਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। ਅਜਿਹੇ ਅੰਧ ਵਿਸ਼ਵਾਸੀ ਲੜਕੇ/ਲੜਕੀਆਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਲੁੱਟਦੇ ਹਨ, ਕਈ ਕੇਸਾਂ ਦਾ ਸੁਖਿੰਦਰ ਨੇ ਵਰਣਨ ਕੀਤਾ ਹੈ। ਅਜਿਹੇ ਹਾਲਾਤ ਵਿੱਚ ਨੀਲੂ ਸ਼ਰਮਾ ਗੁਮਰਾਹ ਹੋ ਜਾਂਦੀ ਹੈ, ਉਹ ਨਸ਼ੇ ਵੇਚਣ ਅਤੇ ‘ਹੀਰਾ ਮੰਡੀ ਸੈਕਸ ਵੈਬਸਾਈਟ’ ਬਣਾਕੇ ਨਿਆਣੀਆਂ ਕੁੜੀਆਂ ਨੂੰ ਇਸ ਧੰਧੇ ਵਿੱਚ ਜੋੜ ਲੈਂਦੀ ਹੈ। ਵੈਬਸਾਈਟ ‘ਤੇ ਕੁੜੀਆਂ ਦੀਆਂ ਤਸਵੀਰਾਂ ਅਤੇ ਰੇਟ ਲਿਖ ਦਿੰਦੀ ਹੈ। ਅਖ਼ੀਰ ਪੀਲ ਪੁਲਿਸ ਦੇ ਧੱਕੇ ਚੜ੍ਹ ਜਾਂਦੀ ਹੈ। ਪੰਜ ਸਾਲ ਦੀ ਸਜ਼ਾ ਤੇ 50 ਹਜ਼ਾਰ ਡਾਲਰ ਜੁਰਮਾਨਾ ਹੁੰਦਾ ਹੈ। ਫਿਰ ਉਹ ਸਾਰੀ ਕਹਾਣੀ ਜੇਲ੍ਹ ਵਿੱਚੋਂ ਅਖ਼ਬਾਰ ਨੂੰ ਚਿੱਠੀ ਲਿਖਕੇ ਹਿਰਦੇਵੇਦਿਕ ਢੰਗ ਨਾਲ ਦੱਸਦੀ ਹੈ। ਪ੍ਰਾਸਟੀਚਿਊਸ਼ਨ ਤੇ ਨਸ਼ਾ ਵੇਚਣ ਵਾਲੀਆਂ ਕੁੜੀਆਂ ਨੂੰ ਸੁਧਰਨ ਦੀ ਸਲਾਹ ਦੇਣ ਵਾਲਿਆਂ ਨੂੰ ਵੀ ਲੜਕੀਆਂ ਬਰਦਾਸ਼ਤ ਨਹੀਂ ਕਰਦੀਆਂ ਸਨ। ਅਖ਼ੀਰ ਕੁਝ ਕੁੜੀਆਂ ਤੇ ਮੁੰਡੇ ਖ਼ੁਦਕਸ਼ੀਆਂ ਵੀ ਕਰਦੇ ਹਨ। ਪਤੀ ਕਾਰ ਚੋਰ ਗਰੋਹਾਂ ਦੇ ਮੈਂਬਰ ਤੇ ਪਤਨੀਆਂ ਨਸ਼ੇ ਤੇ ਪ੍ਰਾਸਟੀਚਿਊਸ਼ਨ ਦਾ ਧੰਧਾ ਕਰਦੀਆਂ ਹਨ। ਇਹ ਨਾਵਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਤ੍ਰਾਸਦੀ ਦਾ ਦਸਤਾਵੇਜ਼ ਹੈ, ਜਿਸ ਨੂੂੰ ਪੜ੍ਹਕੇ ਮਾਪੇ ਅੱਲ੍ਹੜ੍ਹ ਕੁੜੀਆਂ ਨੂੰ ਕੈਨੇਡਾ ਭੇਜਣ ਤੋਂ ਕੰਨੀ ਕਤਰਾਉਣਗੇ। ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਰਾਹੀਂ ਪਰਵਾਸ ਵਿੱਚ ਸੈਟਲ ਹੋਣ ਦੇ ਸਪਨੇ ਸਿਰਜਦੇ ਹਨ, ਜਿਸ ਕਰਕੇ ਉਹ ਬੱਚਿਆਂ ਨੂੰ ਪੜ੍ਹਨ ਦੇ ਬਹਾਨੇ ਭੇਜਦੇ ਹਨ। ਮਾਪੇ ਵਿਦਿਆਰਥੀਆਂ ਤੋਂ ਕਰਜ਼ੇ ਵਾਪਸ ਮੋੜਨ ਲਈ ਪੈਸਿਆਂ ਦੀ ਮੰਗ ਕਰਦੇ ਹਨ, ਜਦੋਂ ਕਿ ਪਰਵਾਸ ਵਿੱਚ ਡਾਲਰ ਕਮਾਉਣੇ ਅਤਿਅੰਤ ਔਖੇ ਹਨ। ਮਾਪੇ ਸਮਝਦੇ ਹਨ ਕਿ ਡਾਲਰ ਦਰਖਤਾਂ ਨਾਲ ਲੱਗੇ ਹੋਏ ਹਨ। ਕ੍ਰਿਮੀਨਲ ਲੋਕ ਗੈਂਗਸਟਰ ਵਿਦਿਆਰਥੀ ਵੀਜਿਆਂ ‘ਤੇ ਆ ਕੇ ਪਾਰਕਾਂ ਦੀਆਂ ਟਾਇਲਟਸ ਤੇ ਬਸ ਸਟੈਂਡਾਂ ਦੀ ਭੰਨ ਤੋੜ ਕਰਦੇ ਹਨ। ਭਾਰਤੀ/ਪੰਜਾਬੀ ਮੂਲ ਦੇ ਵਿਓਪਾਰੀ ਵਿਦਿਆਰਥੀਆਂ ਨੂੰ ਘੱਟ ਮਜ਼ਦੂਰੀ ਦਿੰਦੇ ਹਨ ਤੇ ਕਈ ਵਾਰੀ ਮਜ਼ਦੂਰੀ ਮਾਰ ਵੀ ਜਾਂਦੇ ਹਨ। ਵਰਕ ਪਰਮਿਟ ਦਿਵਾਉਣ ਦੇ ਹਜ਼ਾਰਾਂ ਡਾਲਰ ਲੈਂਦੇ ਹਨ। ਇਮੀਗ੍ਰੇਸ਼ਨ ਟ੍ਰੈਵਲ ਏਜੰਟ ਵੀ ਲੁੱਟਦੇ ਹਨ। ਹਰਦੀਪ ਨਿੱਜਰ ਦੇ ਕਤਲ ਵਿੱਚ ਦੋ ਸ਼ੱਕੀ ਅੰਤਰਰਾਸ਼ਟਰੀ ਵਿਦਿਆਰਥੀ ਗ੍ਰਿਫ਼ਤਾਰ ਵੀ ਹੋਏ। ਸਿੱਧੂ ਮੂਸੇਵਾਲਾ ਦੇ ਗੀਤਾਂ ਨੇ ਵੀ ਗੈਂਗਸਟਰਾਂ ਨੂੰ ਉਤਸ਼ਾਹਤ ਕੀਤਾ। ਕਈ ਰੇਡੀਓ ਟਾਕਸ ਵਿੱਚ ਅੰਤਰਾਸ਼ਟਰੀ ਵਿਦਿਆਰਥੀਆਂ ਦੇ ਕਾਰਨਾਮਿਆਂ ਬਾਰੇ ਵਿਚਾਰ ਚਰਚਾ ਹੁੰਦੀ ਹੈ। ਜਿਹੜੇ ਸ਼ਰੀਫ਼ ਵਿਦਿਆਰਥੀ ਹਨ, ਉਨ੍ਹਾਂ ਦਾ ਰਹਿਣ ਸਹਿਣ ਤੇ ਵਿਵਹਾਰ ਕੈਨੇਡਾ ਦੇ ਸਟੈਂਡਰਡ ਦਾ ਨਹੀਂ ਹੁੰਦਾ। ਪਿਛਲੇ 50 ਸਾਲਾਂ ਵਿੱਚ ਕੋਈ ਪੰਜਾਬੀ ਭੀਖ ਮੰਗਦਾ ਨਹੀਂ ਵੇਖਿਆ ਪ੍ਰੰਤੂ ਅੰਤਰਾਸ਼ਟਰੀ ਵਿਦਿਆਰਥੀਆਂ ਨੇ ਭੀਖ ਮੰਗਣਾ ਸ਼ੁਰੂ ਕਰਕੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ।

  ਨਾਵਲ ਪੜ੍ਹਕੇ ਇੱਕ ਗੱਲ ਸਾਫ਼ ਹੋ ਜਾਂਦੀ ਹੈ ਕਿ ਭਾਰਤ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਅਤੇ ਕੈਨੇਡਾ ਸਰਕਾਰ ਦੀਆਂ ਲਿਬਰਲ ਨੀਤੀਆਂ ਨੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਖ਼ਰਾਬ ਕਰਨ ਵਿੱਚ ਯੋਗਦਾਨ ਪਾਇਆ ਹੈ। ਖਾਲਿਸਤਾਨੀਆਂ ਨੂੰ ਕੈਨੇਡਾ ਦੇ ਲਿਬਰਲ ਕਾਨੂੰਨਾਂ ਅਤੇ ਇਨ੍ਹਾਂ ਦੇ ਵਿਰੁੱਧ ਹਿੰਦੂ ਭਗਤਾਂ ਨੂੰ ਭਾਰਤ ਸਰਕਾਰ ਦੀਆਂ ਏਜੰਸੀਆਂ ਦੀ ਖਾਲਿਸਤਾਨੀਆਂ ਨੂੰ ਦਬਾਉਣ ਲਈ ਦਿੱਤੀ ਸਪੋਰਟ ਨਾਲ ਕੈਨੇਡਾ ਵਿੱਚ ਨਫ਼ਰਤ ਪੈਦਾ ਹੋਈ ਹੈ। ਸੁਖਿੰਦਰ ਨੇ ਨਾਵਲ ਵਿੱਚ ਸ਼ਬਦਾਵਲੀ ਠੇਠ ਮਲਵਈ ਵਰਤੀ ਹੈ, ਗਲਬਾਤੀ ਢੰਗ ਨਾਲ ਲਿਖਿਆ ਗਿਆ ਹੈ, ਜੋ ਦਿਲਚਸਪ ਵੀ ਹੈ। ਇੱਕ ਚੈਪਟਰ ਤੋਂ ਬਾਅਦ ਅਗਲਾ ਪੜ੍ਹਨ ਦੀ ਉਤਸੁਕਤਾ ਪੈਦਾ ਹੁੰਦੀ ਹੈ।

ਸੰਪਰਕ ਸੁਖਿੰਦਰ : 4168587077

  ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com

ਉਜਾਗਰ ਸਿੰਘ

 

 

 

 

 

 

 

Have something to say? Post your comment