ਨੋਇਡਾ: ਹੁਣੇ ਹੁਣੇ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਯਮੁਨਾ ਐਕਸਪ੍ਰੈਸ ਵੇਅ ਦੀਆਂ ਦੋ ਲੇਨਾਂ 'ਤੇ ਟ੍ਰੈਫਿਕ ਰੋਕਿਆ ਹੋਇਆ ਹੈ ਅਤੇ ਕਿਸਾਨੀ ਸੰਘਰਸ਼ ਪੂਰੀ ਤਰ੍ਹਾਂ ਜ਼ੋਰਾਂ ਉਤੇ ਚਲ ਰਿਹਾ ਹੈ। ਇਸ ਦੇ ਨਾਲ ਨਾਲ ਪੁਲਿਸ ਵੀ ਮੁਸ਼ਤੈਦ ਹੋਈ ਨਜ਼ਰ ਆ ਰਹੀ ਹੈ। ਦਰਅਸਲ 26 ਮਈ ਨੂੰ ਦੇਸ਼ ਭਰ ਵਿੱਚ ਕਾਲਾ ਦਿਵਸ ਮਨਾਉਣ ਦੇ ਸੱਦੇ ਨੂੰ ਮਿਲੇ ਹੁੰਗਾਰੇ ਮਗਰੋਂ ਕਿਸਾਨ ਮੁੜ ਜ਼ੋਸ਼ ਵਿੱਚ ਆ ਗਏ ਹਨ। ਅੱਜ ਨੋਇਡਾ ਦੇ ਜੇਵਰ ਟੌਲ ਪਲਾਜ਼ਾ 'ਤੇ ਵੱਡੀ ਗਿਣਤੀ ਕਿਸਾਨਾਂ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕੀਤਾ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਬਹੁਤ ਕੋਸਿ਼ਸ਼ ਕੀਤੀ ਪਰ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਗੌਤਮ ਬੁੱਧ ਨਗਰ ਵਿੱਚ ਬੀਤੀ ਸ਼ਾਮ ਤੋਂ ਪੁੱਜਣੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਚੱਲੀ ਸੀ ਪਰ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਹੋ ਗਿਆ। ਇਸ ਤੋਂ ਬਾਅਦ ਪੁਲਿਸ ਕੁਝ ਕਿਸਾਨ ਆਗੂਆਂ ਨੂੰ ਦੇਰ ਰਾਤ ਥਾਣੇ ਲੈ ਗਈ ਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਪਰ ਕਿਸਾਨ ਨਹੀਂ ਮੰਨੇ ਤੇ ਮੁੜ ਧਰਨਾ ਸਥਾਨ 'ਤੇ ਆ ਕੇ ਪ੍ਰਦਰਸ਼ਨ ਕੀਤਾ।
ਦੱਸ ਦਈਏ ਕਿ ਕੋਰੋਨਾ ਦੇ ਕਹਿਰ ਕਰਕੇ ਕਿਸਾਨਾਂ ਦਾ ਸੰਘਰਸ਼ ਕੁਝ ਮੱਠਾ ਪਿਆ ਸੀ। ਹੁਣ ਕੋਰੋਨਾ ਕੇਸ ਘਟਣ ਲੱਗੇ ਹਨ ਤਾਂ ਕਿਸਾਨਾਂ ਦੇ ਐਕਸ਼ਨ ਵਧਣ ਲੱਗੇ ਹਨ। ਪਿਛਲੇ ਛੇ-ਸੱਤ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦਾ ਕਹਿਣ ਹੈ ਕਿ ਮੋਦੀ ਸਰਕਾਰ ਵਿਰੋਧੀ ਕਾਲੇ ਦਿਨ ਨੂੰ ਲੋਕਾਂ ਵੱਲੋਂ ਮਿਲੇ ਸਮਰਥਨ ਨੇ ਕਿਸਾਨ ਅੰਦੋਲਨ ਦੀ ਜਿੱਤ ਦਾ ਸਪੱਸ਼ਟ ਸੰਕੇਤ ਦਿੱਤਾ ਹੈ।